December 8, 2023
Politics Punjab

70 ਸਾਲਾਂ ਤੋਂ ਰਾਜ ਕਰਨ ਵਾਲੀਆਂ ਪਾਰਟੀਆਂ ਦੇ ਆਗੂ ਮੱਗਰਮੱਛ ਦੇ ਹੰਝੂ ਵਹਾ ਰਹੇ.. ਮੰਤਰੀ ਜੋੜਾਮਾਜਰਾ ਦਾ ਵੱਡਾ ਬਿਆਨ

ਬੀਤੇ ਦਿਨੀਂ ਪੰਜਾਬ ਦੇ ਕੈਬਿਨਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਬੀਬਾ ਜੈ ਇੰਦਰ ਕੌਰ ਦੀ ਤਿੱਖੀ ਬਹਿਸ ਵੇਖਣ ਨੂੰ ਮਿਲੀ ਸੀ ਜਿਸ ਤੋਂ ਬਾਅਦ ਹੁਣ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀ ਲੈਂਦਿਆਂ ਉਹਨਾਂ ਨੇ ਨਿਸ਼ਾਨੇ ਸਾਧੇ ਹਨ। ਪੰਜਾਬ ‘ਤੇ 70 ਵਰ੍ਹਿਆਂ ਤੋਂ ਰਾਜ ਕਰਦੀਆਂ ਰਹੀਆਂ ਪਾਰਟੀਆਂ ਦੇ ਆਗੂਆਂ ਨੂੰ ਕਰੜੇ ਹੱਥੀ ਲੈਂਦਿਆਂ ਨਸੀਹਤ ਦਿੱਤੀ ਕਿ ਉਹ ਕੁਦਰਤੀ ਆਫ਼ਤ ‘ਤੇ ਸਿਆਸਤ ਨਾ ਕਰਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਘੱਗਰ ਦੀ ਮਾਰ ਹੇਠ ਆਉਂਦੇ ਪਿੰਡਾਂ ਦੀ ਕਦੇ ਸਾਰ ਨਹੀਂ ਲਈ, ਜਿਸ ਕਰਕੇ ਭਾਰੀ ਬਰਸਾਤ ਕਾਰਨ ਉੱਛਲੇ ਘੱਗਰ ਦੇ ਪਾਣੀ ਨੇ ਇਨ੍ਹਾਂ ਪਿੰਡਾਂ ਦਾ ਚੋਖਾ ਨੁਕਸਾਨ ਕੀਤਾ ਹੈ ਪਰ ਇਨ੍ਹਾਂ ਪਿੰਡਾਂ ਦੇ ਲੋਕ ਕਿਸੇ ਵੀ ਤਰ੍ਹਾਂ ਨਾ ਘਬਰਾਉਣ ਕਿਉਂਕਿ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਹੜ੍ਹ ਮਾਰੇ ਲੋਕਾਂ ਦੀ ਬਾਂਹ ਫੜੀ ਹੈ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਸਮਾਣਾ ਖੇਤਰ ਦੇ ਇਸ ਨੀਵੇਂ ਇਲਾਕੇ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਅਗਾਊਂ ਪ੍ਰਬੰਧਾਂ ਤਹਿਤ ਹੜ੍ਹਾਂ ਦਾ ਪਾਣੀ ਕੱਢਣ ਲਈ 40 ਲੱਖ ਰੁਪਏ ਤੋਂ ਵੱਧ ਰਾਸ਼ੀ ਖ਼ਰਚੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪਹਿਲੀ ਵਾਰ ਹੈ ਕਿ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੂਰੀ ਵਜ਼ਾਰਤ ਅਤੇ ਵਿਧਾਇਕ ਲੋਕਾਂ ਦਰਮਿਆਨ ਵਿਚਰ ਰਹੇ ਹਨ ਅਤੇ ਲੋਕਾਂ ਦੀ ਸਹਾਇਤਾਂ ਕਰਨ ਲਈ ਹਰ ਹੰਭਲਾ ਮਾਰ ਰਹੇ ਹਨ।

ਭਾਜਪਾ ਆਗੂ ਬੀਬੀ ਜੈਇੰਦਰ ਕੌਰ ਨੂੰ ਘੇਰਦਿਆਂ ਜੌੜਾਮਾਜਰਾ ਨੇ ਪੁੱਛਿਆ ਕਿ ਅੱਜ ਬੀਬੀ ਜੈਇੰਦਰ ਕੌਰ ਕਿੱਥੇ ਹਨ, ਉਨ੍ਹਾਂ ਨੂੰ ਅੱਜ ਵੀ ਲੋਕਾਂ ਦੀ ਸਾਰ ਲੈਣੀ ਚਾਹੀਦੀ ਸੀ। ਹਾਲੇ ਤਾਂ ਪਿੰਡਾਂ ਵਿੱਚੋਂ ਪਾਣੀਆਂ ਉਤਰਿਆ ਨਹੀਂ ਅਤੇ ਲੋਕਾਂ ਨੂੰ ਵੀ ਮਦਦ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਬੀਬੀ ਜੈਇੰਦਰ ਕੌਰ ਸਿਰਫ਼ ਰਾਜਨੀਤੀ ਕਰਨ ਆਈ ਸੀ ਜਦਕਿ ਅੱਜ ਔਖੀ ਘੜੀ ਵਿੱਚ ਲੋਕਾਂ ਦਾ ਹੱਥ ਫੜਨ ਦਾ ਸਮਾਂ ਹੈ ਨਾਕਿ ਸਿਆਸਤ ਚਮਕਾਉਣ ਦਾ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਕੁਦਰਤੀ ਆਫ਼ਤ ‘ਤੇ ਮਗਰਮੱਛ ਦੇ ਹੰਝੂ ਨਹੀਂ ਵਹਾਉਣੇ ਚਾਹੀਦੇ, ਸਗੋਂ ਕੁਝ ਕਰਕੇ ਦਿਖਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਪਿਛਲੀਆਂ ਸਰਕਾਰਾਂ ਦੇ ਮੁੱਖ ਮੰਤਰੀਆਂ ਵਾਂਗ ਹੈਲੀਕਾਪਟਰਾਂ ‘ਚ ਨਹੀਂ ਬਲਕਿ ਖ਼ੁਦ ਪਾਣੀ ਵਿੱਚ ਵੜ ਕੇ ਨੰਗੇ ਪੈਰੀਂ ਲੋਕਾਂ ਦੀ ਸਾਰ ਲਈ ਹੈ।

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਖ਼ੁਦ ਹੜ੍ਹ ਪ੍ਰਭਾਵਤ ਪਿੰਡਾਂ ਧਰਮੇੜ੍ਹੀ, ਘਿਉਰਾ, ਧਨੌਰੀ, ਸੱਸਾ, ਸੱਸੀ, ਸੱਸਾ ਥੇਹ, ਹਰੀਪੁਰ ਆਦਿ ਦੇ ਵਸਨੀਕਾਂ ਤੱਕ ਪੀਣ ਵਾਲਾ ਪਾਣੀ, ਰਾਸ਼ਨ, ਘਰੇਲੂ ਵਰਤੋਂ ਦੀਆਂ ਹੋਰ ਵਸਤਾਂ, ਦਵਾਈਆਂ, ਪਸ਼ੂਆਂ ਲਈ ਚਾਰਾ ਆਦਿ ਪਹੁੰਚਾਉਣ ਲਈ ਅਗਵਾਈ ਕੀਤੀ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਜੌੜਾਮਾਜਰਾ ਅਤੇ ਉਨ੍ਹਾਂ ਦੀ ਪੂਰੀ ਟੀਮ ਸੋਮਵਾਰ ਤੋਂ ਹੀ ਹੜ੍ਹ ਪ੍ਰਭਾਵਤ ਪਿੰਡਾਂ ਵਿੱਚ ਲਗਾਤਾਰ ਸੰਪਰਕ ਸਾਧਦੇ ਹੋਏ ਲੋਕਾਂ ਦੀ ਸਾਰ ਲੈ ਰਹੇ ਹਨ ਤਾਂ ਕਿ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ।

ਲੋਕ ਸੰਪਰਕ ਮੰਤਰੀ ਜੌੜਾਮਾਜਰਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਮਾਨ ਦੇ ਆਦੇਸ਼ਾਂ ਮੁਤਾਬਕ ਸੂਬਾ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨ ਲਈ ਨਿਰੰਤਰ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਸਮਾਣਾ ਹਲਕੇ ਦੇ ਲੋਕ ਸਬ ਡਵੀਜ਼ਨ ਸਮਾਣਾ ਦੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01764-221190 ‘ਤੇ ਵੀ ਸੰਪਰਕ ਕਰ ਸਕਦੇ ਹਨ। ਇਸ ਮੌਕੇ ਹਰਮਿੰਦਰ ਸਿੰਘ ਮਿੰਟੂ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਫ਼ੌਜੀ, ਅਮਰਦੀਪ ਸਿੰਘ ਸੋਨੂ ਥਿੰਦ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Leave feedback about this

  • Quality
  • Price
  • Service

PROS

+
Add Field

CONS

+
Add Field
Choose Image
Choose Video
X