ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ ਜਮਾਤ ਦੇ ਐਲਾਨੇ ਨਤੀਜਿਆਂ ਤੋਂ ਬਾਅਦ ਟੌਪ ਕਰਨ ਵਾਲੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਹੈ। ਦਸ ਦਈਏ ਕਿ ਇਸ ਵਾਰ ਆਏ ਨਤੀਜਿਆਂ ਵਿਚ ਲੜਕੀਆਂ ਨੇ ਬਾਜ਼ੀ ਮਾਰ ਲਈ ਹੈ। ਇਸ ਦੌਰਾਨ ਇਹ ਖੁਸ਼ੀ ਹੋਰ ਵੀ ਦੁਗਣੀ ਹੋ ਗਈ ਜਦੋਂ ਪਹਿਲੇ-ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੀਆਂ ਵਿਦਿਆਰਥਨਾਂ ਲਈ ਸੀ.ਐਮ. ਪੰਜਾਬ ਦੇ ਵੱਡਾ ਐਲਾਨ ਕਰ ਦਿੱਤਾ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਜਮਾਤ ਦੇ ਨਤੀਜਿਆਂ ਦੌਰਾਨ ਪਹਿਲੇ, ਦੂਜੇ ਅਤੇ ਤੀਜੇ ਨੰਬਰ ‘ਤੇ ਆਉਣ ਵਾਲੀਆਂ ਬੱਚੀਆਂ ਨੂੰ ਪੰਜਾਬ ਸਰਕਾਰ ਵੱਲੋਂ 51-51 ਹਜ਼ਾਰ ਰੁਪਏ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਸੋਸ਼ਲ ਮੀਡੀਆ ਰਾਹੀ ਸਾਂਝੀ ਕੀਤੀ ਹੈ। ਨਾਲ ਹੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਨ੍ਹਾਂ ਵਿਦਿਆਰਥਣਾਂ ਦੇ ਅਧਿਆਪਕ ਵੀ ਸਨਮਾਨਿਤ ਕੀਤੇ ਜਾਣਗੇ। ਦੱਸਣਯੋਗ ਹੈ ਕਿ 8ਵੀਂ ਜਮਾਤ ਦੇ ਨਤੀਜਿਆਂ ਦੌਰਾਨ ਜ਼ਿਲ੍ਹਾ ਮਾਨਸਾ ਦੀਆਂ ਵਿਦਿਆਰਥਣਾਂ ਲਵਪ੍ਰੀਤ ਕੌਰ ਨੇ ਪਹਿਲਾ, ਗੁਰਅੰਕਿਤ ਕੌਰ ਨੇ ਦੂਜਾ ਅਤੇ ਲੁਧਿਆਣਾ ਦੀ ਸਮਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕਰਕੇ ਮੱਲਾਂ ਮਾਰੀਆਂ ਹਨ।