ਪੰਜਾਬ ਦੇ ਚਾਰ ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਰੋਪੜ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਕਪੂਰਥਲਾ ਦੇ ਕਈ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਸਤਲੁਜ ਦਰਿਆ ‘ਤੇ ਭਾਖੜਾ ਡੈਮ ਅਤੇ ਬਿਆਸ ਦਰਿਆ ‘ਤੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਤੋਂ ਬਾਅਦ ਇਹ ਸਥਿਤੀ ਪੈਦਾ ਹੋਈ ਹੈ। ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਭਾਖੜਾ ਡੈਮ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹੈ। ਜਿਸ ਤੋਂ ਬਾਅਦ ਅਗਲੇ 5 ਦਿਨਾਂ ਲਈ ਡੈਮ ਦੇ ਗੇਟ 8-8 ਫੁੱਟ ਖੋਲ੍ਹ ਦਿੱਤੇ ਗਏ ਹਨ। ਭਾਖੜਾ ਪ੍ਰਬੰਧਕਾਂ ਅਨੁਸਾਰ ਮੰਗਲਵਾਰ ਨੂੰ 35 ਸਾਲਾਂ ਬਾਅਦ ਭਾਖੜਾ ਡੈਮ ਦੇ ਫਲੱਡ ਗੇਟ 10-10 ਫੁੱਟ ਖੋਲ੍ਹਣੇ ਪਏ ਸੀ। ਇਸ ਦੇ ਨਾਲ ਹੀ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਪੰਜਾਬ ਦੇ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੂੰ ਬਚਾਅ ਅਤੇ ਰਾਹਤ ਕਾਰਜ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਬਚਾਅ ਲਈ ਫੌਜ ਤੋਂ ਮਦਦ ਮੰਗੀ ਹੈ। ਇਸ ਦੇ ਲਈ ਰੋਪੜ ਵਿੱਚ ਹੈਲੀਪੈਡ ਵੀ ਬਣਾਇਆ ਗਿਆ ਹੈ। NDRF ਪਹਿਲਾਂ ਹੀ ਬਚਾਅ ਕੰਮ ‘ਚ ਜੁਟੀ ਹੋਈ ਹੈ।
ਹੁਸ਼ਿਆਰਪੁਰ ‘ਚ ਪੌਂਗ ਡੈਮ ਦੇ ਗੇਟ ਖੁੱਲ੍ਹਣ ਕਾਰਨ ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵਧ ਗਿਆ ਹੈ। ਡੀਸੀ ਗੁਰਦਾਸਪੁਰ ਕੋਮਲ ਮਿੱਤਲ ਨੇ ਦੱਸਿਆ ਕਿ ਮੁਕੇਰੀਆਂ ਦੇ ਕੁਝ ਪਿੰਡਾਂ ਤੋਂ ਇਲਾਵਾ ਬਿਆਸ ਦਾ ਪਾਣੀ ਓਵਰਫਲੋ ਹੋ ਕੇ ਮਹਿਤਾਬਪੁਰ, ਮੋਤਲਾ, ਹਲੇਤ, ਜਨਾਰਦਨ, ਤਲਵਾੜਾ ਦੇ 52 ਬੈਰਾਜਾਂ ਵਿੱਚ ਦਾਖਲ ਹੋ ਗਿਆ ਹੈ। ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਗਈ ਹੈ। ਇੱਥੋਂ ਦੇ ਇਲਾਕਿਆਂ ਦੀ ਆਬਾਦੀ ਬਹੁਤ ਜ਼ਿਆਦਾ ਹੈ। ਅਜਿਹੇ ‘ਚ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਗਾਲਾ ਵਿਖੇ ਵੀ ਰਾਹਤ ਕੈਂਪ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਗੁਰਦੁਆਰਿਆਂ ਵਿੱਚ ਰਾਹਤ ਕੈਂਪ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਐਸਡੀਆਰਐਫ ਦੀਆਂ ਟੀਮਾਂ ਨੇ ਇਲਾਕੇ ਵਿੱਚ ਚਾਰਜ ਸੰਭਾਲ ਲਿਆ ਹੈ ਅਤੇ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਗਤਪੁਰਾ ਟਾਂਡਾ ਦੇ ਇਲਾਕਿਆਂ ਵਿੱਚ ਬਿਆਸ ਦਰਿਆ ਦੇ ਰਾਖ ਬੰਨ੍ਹ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਭੈਣੀ ਪਸਵਾਲ ਨੇੜੇ ਧੁੱਸੀ ਬੰਨ੍ਹ ਟੁੱਟ ਗਿਆ ਹੈ, ਜਿਸ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਓਵਰਫਲੋ ਹੋ ਗਿਆ ਹੈ।