ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਭਾਜਪਾ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਹੁਣ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਬਣ ਗਏ ਹਨ।। ਜ਼ਿਕਰ ਕਰ ਦਈਏ ਕਿ ਕਿ ਲੋਕ ਸਭਾ 2024 ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਪੰਜਾਬ ਜਿੱਤਣ ਦੀ ਤਿਆਰੀ ਵਿੱਚ ਜੁੱਟ ਗਈ ਹੈ। ਕਿਸਾਨ ਪਰਿਵਾਰ ਨਾਲ ਜੁੜੇ ਜਾਖੜ ਨਾ ਸਿਰਫ਼ ਪਿੰਡ ‘ਚ ਜੁੜੇ ਹਨ ਬਲਕਿ ਸ਼ਹਿਰਾਂ ‘ਚ ਵੀ ਚੰਗੀ ਪਕੜ ਰੱਖਦੇ ਹਨ। ਇਹੀ ਕਾਰਨ ਹੈ ਕਿ ਭਾਜਪਾ ਪੰਜਾਬ ‘ਚ ਜਾਖੜ ਦੇ ਨਾਂ ‘ਤੇ ਵੱਡਾ ਦਾਅ ਖੇਡਣ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਕਾਰਨ ਜਾਖੜ ਨੇ ਕਾਂਗਰਸ ਨੂੰ ਛੱਡ ਦਿੱਤਾ ਸੀ। ਜਾਖੜ ਕਾਂਗਰਸ ‘ਚ ਰਹਿੰਦੇ ਹੋਏ ਦੋ ਵਾਰ ਵਿਧਾਇਕ, ਇਕ ਵਾਰ ਲੋਕ ਸਭਾ ਦੇ ਮੈਂਬਰ ਤੇ ਪ੍ਰਧਾਨ ਦੀ ਕਮਾਨ ਸੰਭਾਲ ਚੁੱਕੇ ਹਨ। ਜਾਖੜ ਪਰਿਵਾਰ ਦੋ ਸਿਆਸੀ ਪਾਰਟੀਆਂ ਨਾਲ ਜੁੜਿਆ ਹੋਇਆ ਹੈ। ਸੁਨੀਲ ਜਾਖੜ ਬੀਜੇਪੀ ਵਿੱਚ ਹਨ ਤਾਂ ਉਹਨਾ ਦਾ ਭਤੀਜਾ ਸੰਦੀਪ ਜਾਖੜ ਕਾਂਗਰਸ ਦਾ ਅਬੋਹਰ ਤੋਂ ਵਿਧਾਇਕ ਹੈ।
ਬੀਤੇ ਕੱਲ੍ਹ ਇਹ ਵੀ ਚਰਚਾਵਾਂ ਚੱਲ ਰਹੀਆਂ ਸੀ ਕਿ ਅਸ਼ਵਨੀ ਸ਼ਰਮਾ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਚੰਡੀਗੜ੍ਹ ਦਫ਼ਤਰ ਤੋਂ ਸਾਮਾਨ ਵੀ ਚੁੱਕ ਲਿਆ ਹੈ। ਹਾਲਾਂਕਿ, ਅਸਤੀਫ਼ੇ ਦੀਆਂ ਚਰਚਾਵਾਂ ਦਾ ਅਸ਼ਵਨੀ ਸ਼ਰਮਾ ਨੇ ਖੰਡਨ ਕੀਤਾ ਸੀ ਕਿ ਭਾਜਪਾ ‘ਚ ਅਸਤੀਫ਼ੇ ਦੀ ਕੋਈ ਪਰੰਪਰਾ ਨਹੀਂ ਹੈ। ਪਰ ਹੁਣ ਅੱਜ ਇਸ ਦਾ ਐਲਾਨ ਹੋ ਚੁੱਕਾ ਹੈ ਕਿ ਸੁਨੀਲ ਜਾਖੜ ਜੋ ਕੁਝ ਸਮੇਂ ਪਹਿਲਾ ਭਾਜਪਾ ‘ਚ ਸ਼ਾਮਲ ਹੋ ਗਏ ਸੀ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ।