ਅਲ-ਕਾਦਿਰ ਟਰੱਸਟ ਮਾਮਲੇ ‘ਚ ਪੇਸ਼ੀ ਭੁਗਤਾਉਣ ਆਏ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈਕੋਰਟ ਦੇ ਬਾਹਰੋ ਗ੍ਰਿਫਤਾਰ ਕੀਤਾ ਗਿਆ। ਦਸ ਦਈਏ ਕਿ ਇਮਰਾਨ ਖਾਨ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਹਾਈਕੋਰਟ ਵਿਚ ਪੇਸ਼ੀ ਭਰਨ ਆਏ ਸੀ ਜਿਸ ਦੌਰਾਨ ਉਹਨਾਂ ਨੂੰ ਨੀਮ ਫੌਜੀ ਬਲ ਨੇ ਗ੍ਰਿਫਤਾਰ ਕਰ ਲਿਆ।
ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਨੇਤਾ ਮੁਸ਼ਰੱਤ ਚੀਮਾ ਨੇ ਟਵਿੱਟਰ ‘ਤੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ, ‘ਉਹ ਇਸ ਸਮੇਂ ਇਮਰਾਨ ਖਾਨ ਨੂੰ ਤਸੀਹੇ ਦੇ ਰਹੇ ਹਨ, ਉਹ ਖਾਨ ਸਾਹਿਬ ਨੂੰ ਕੁੱਟ ਰਹੇ ਹਨ।’
ਇਸ ਦੌਰਾਨ ਗ੍ਰਿਫਤਾਰੀ ਦੀਆਂ ਕੁਝ ਵੀਡੀਓ ਵੀ ਸਾਹਮਣੇ ਆਈਆਂ ਹਨ, ਜਿਸ ਵਿਚ ਇਮਰਾਨ ਨੂੰ ਖਿੱਚ ਕੇ ਲਿਜਾਇਆ ਜਾ ਰਿਹਾ ਹੈ। ਇਸ ਦੌਰਾਨ ਇਮਰਾਨ ਦਾ ਵਕੀਲ ਵੀ ਜ਼ਖਮੀ ਹੋਇਆ ਹੈ। ਜਦੋਂ ਫੌਜ ਨੇ ਇਮਰਾਨ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਸਮਰਥਕਾਂ ਨੇ ਇਸ ਦਾ ਵਿਰੋਧ ਕੀਤਾ। ਜਿਸ ਕਾਰਨ ਕਾਫੀ ਹੰਗਾਮਾ ਹੋ ਗਿਆ। ਭਾਰੀ ਵਿਰੋਧ ਦੇ ਬਾਵਜੂਦ ਨੀਮ ਬਲ ਸਾਬਕਾ ਪ੍ਰਧਾਨ ਮੰਤਰੀ ਨੂੰ ਇਕ ਵਾਹਨ ਵਿਚ ਬਿਠਾ ਕੇ ਲੈ ਗਏ। ਉਸ ਦੀ ਗ੍ਰਿਫਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਉਸ ਨੇ ਹਾਲ ਹੀ ‘ਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਅਧਿਕਾਰੀ ਮੇਜਰ ਜਨਰਲ ਫੈਸਲ ਨਸੀਰ ‘ਤੇ ਗੰਭੀਰ ਦੋਸ਼ ਲਾਏ ਸਨ। ਇਮਰਾਨ ਨੇ ਦੋਸ਼ ਲਾਇਆ ਸੀ ਕਿ ਮੇਜਰ ਜਨਰਲ ਫੈਸਲ ਨਸੀਰ ਉਸ ਨੂੰ ਮਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਨਾਲ ਪਾਕਿਸਤਾਨ ਦੀ ਸਿਆਸਤ ਵਿਚ ਖਲਬਲੀ ਮਚ ਗਈ। ਇਮਰਾਨ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਸੜਕਾਂ ‘ਤੇ ਆ ਗਏ।