ਇਸ ਵੇਲੇ ਦੀ ਦੁਖਦ ਭਰੀ ਸਾਬਕਾ ਡਿਪਟੀ ਸਪੀਕਰ ਨਾਲ ਜੁੜੀ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਅਕਾਲ ਚਲਾਣਾ ਕਰ ਗਏ ਹਨ। ਅੱਜ ਸਵੇਰੇ ਉਹਨਾਂ ਨੇ 74 ਸਾਲਾਂ ਦੀ ਉਮਰ ‘ਚ ਆਖਰੀ ਸਾਹ ਲਏ ਹੈ। ਜ਼ਿਕਰ ਕਰ ਦਈਏ ਕਿ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਫੂਡ ਪਾਈਪ ਵਿਚ ਕੈਂਸਰ ਡਿਟੈਕਟ ਹੋਇਆ ਸੀ, ਜਿਸ ਕਾਰਨ ਉਹ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਅਧੀਨ ਸਨ। ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਉਨ੍ਹਾਂ ਅੰਤਿਮ ਸਾਹ ਲਿਆ। ਜਾਣਕਾਰੀ ਅਨੁਸਾਰ ਬੀਰ ਦਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਪਟਿਆਲਾ ਵਿਖੇ ਹੀ ਹੋਵੇਗਾ। ਸਾਬਕਾ ਡਿਪਟੀ ਸਪੀਕਰ ਦੇ ਅਕਾਲ ਚਲਾਣੇ ‘ਤੇ ਵੱਖ-ਵੱਖ ਰਾਜਸੀ ਅਤੇ ਧਾਰਮਿਕ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵੜਿੰਗ ਨੇ ਕਿਹਾ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਹ ਪੰਜਾਬ ਬਾਰੇ ਆਪਣੀ ਡੂੰਘੀ ਜਾਣਕਾਰੀ, ਨਿਮਰਤਾ ਅਤੇ ਨਿਰਸਵਾਰਥ ਸੇਵਾ ਲਈ ਮਸ਼ਹੂਰ ਸਨ। ਮੈਂ ਦੁਖੀ ਪਰਿਵਾਰ ਦੇ ਮੈਂਬਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।
ਇਸ ਤੋਂ ਇਲਾਵਾ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਵੀ ਟਵੀਟ ਕਰਦੇ ਹੋਏ ਲਿਖਿਆ, “ਬਹੁਤ ਹੀ ਕਾਬਿਲ ਬੁਲਾਰੇ, ਅਨੁਭਵੀ ਤੇ ਚਿੰਤਨਸ਼ੀਲ ਸਖਸ਼ੀਅਤ ਡਿਪਟੀ ਸਪੀਕਰ ਸ. ਬੀਰ ਦਵਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਬੇਹੱਦ ਅਫ਼ਸੋਸ ਹੋਇਆ। ਵਾਹਿਗੁਰੂ ਅੱਗੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਹਾਂ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਇਸਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਦੁੱਖ ਜਤਾਇਆ। ਉਹਨਾਂ ਕਿਹਾ, ਦੁੱਖ ਦਾਈ ਖਬਰ -: ਸਿੱਖ ਚਿੰਤਕ ਤੇ ਵਿਦਵਾਨ ਰਾਜਸੀ ਆਗੂ ਸ. ਬੀਰਦਵਿੰਦਰ ਸਿੰਘ ਜੀ ਅਕਾਲ ਚਲਾਣਾ ਕਰ ਗਏ ਹਨ। ਅਕਾਲ ਪੁਰਖ ਉਨਾ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ।
ਦੱਸ ਦੇਈਏ ਕਿ ਬੀਰ ਦਵਿੰਦਰ ਸਿੰਘ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ। ਬੀਰ ਦਵਿੰਦਰ ਸਿੰਘ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਗਰਮ ਆਗੂ ਵੀ ਰਹੇ ਹਨ ਅਤੇ 1980 ਵਿਚ ਉਨ੍ਹਾਂ ਕਾਂਗਰਸ ਦੀ ਟਿਕਟ ਤੋਂ ਚੋਣ ਲੜੀ ਅਤੇ ਰਾਜਨੀਤਕ ਖੇਤਰ ਵਿਚ ਸਰਗਰਮ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ। 2002 ਵਿਚ ਉਹ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਰਹੇ। ਆਪਣੇ ਜੀਵਨ ਕਾਲ ਦੌਰਾਨ ਉਹ ਸਰਬੋਤਮ ਬੁਲਾਰੇ ਹੋਣ ਦੇ ਨਾਲ-ਨਾਲ ਵਧੀਆ ਹਾਜ਼ਰ-ਜਵਾਬੀ ਦੇ ਲਈ ਵੀ ਜਾਣੇ ਜਾਂਦੇ ਸਨ।