UWW (UNITED WORLD WRESTLING) ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੀ ਮਾਨਤਾ ਰੱਦ ਕਰ ਦਿੱਤੀ ਹੈ। ਚੋਣਾਂ ‘ਚ ਦੇਰੀ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਦਸ ਦਈਏ ਕਿ ਮਈ ਦੇ ਅਖੀਰ ‘ਚ UWW ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਚੋਣਾਂ ਬਾਰੇ ਜਾਣਕਾਰੀ ਨਾ ਦੇਣ ‘ਤੇ ਮੁਅੱਤਲ ਕਰਨ ਦੀ ਚੇਤਾਵਨੀ ਦਿੱਤੀ ਸੀ, ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ 12 ਅਗਸਤ ਨੂੰ ਹੋਣੀਆਂ ਸਨ, ਪਰ ਇਸ ‘ਤੇ ਇਕ ਦਿਨ ਪਹਿਲਾਂ ਹੀ ਪੰਜਾਬ-ਹਰਿਆਣਾ ਹਾਈਕੋਰਟ ਨੇ ਇਸ ‘ਤੇ ਰੋਕ ਲਗਾ ਦਿੱਤੀ ਸੀ। UWW ਨੇ ਪਹਿਲਾਂ ਹੀ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ 45 ਦਿਨਾਂ ਦੇ ਅੰਦਰ ਚੋਣਾਂ ਕਰਵਾਉਣ ਲਈ ਕਿਹਾ ਸੀ।
ਆਈਓਏ (IOA) ਦੇ ਇੱਕ ਸੂਤਰ ਨੇ ਪੀਟੀਆਈ ਨੂੰ ਦੱਸਿਆ, “UWW ਨੇ ਬੁੱਧਵਾਰ ਰਾਤ ਨੂੰ ਐਡ-ਹਾਕ ਪੈਨਲ ਨੂੰ ਸੂਚਿਤ ਕੀਤਾ ਕਿ WFI ਨੂੰ ਆਪਣੀ ਕਾਰਜਕਾਰੀ ਕਮੇਟੀ ਦੀਆਂ ਚੋਣਾਂ ਨਾ ਕਰਵਾਉਣ ਕਾਰਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ।” ਅਸਲ ਵਿੱਚ, WFI ਦੀਆਂ ਚੋਣਾਂ 7 ਮਈ ਨੂੰ ਹੋਣੀਆਂ ਸਨ ਪਰ ਖੇਡ ਮੰਤਰਾਲੇ ਨੇ ਇਸ ਪ੍ਰਕਿਰਿਆ ਨੂੰ ਅਯੋਗ ਕਰਾਰ ਦਿੱਤਾ। ਇਹ ਸਟੇਅ ਆਰਡਰ ਹਰਿਆਣਾ ਕੁਸ਼ਤੀ ਸੰਘ (ਐਚ.ਡਬਲਯੂ.ਏ.) ਦੁਆਰਾ ਦਾਇਰ ਪਟੀਸ਼ਨ ਦੇ ਮੱਦੇਨਜ਼ਰ ਆਇਆ, ਜਿਸ ਵਿੱਚ ਹਰਿਆਣਾ ਏਮੇਚਿਓਰ ਰੈਸਲਿੰਗ ਐਸੋਸੀਏਸ਼ਨ ਨੂੰ ਡਬਲਯੂਐਫਆਈ ਚੋਣਾਂ ਵਿੱਚ ਵੋਟ ਪਾਉਣ ਦੀ ਆਗਿਆ ਦੇਣ ਦੇ ਕਦਮ ਨੂੰ ਚੁਣੌਤੀ ਦਿੱਤੀ ਗਈ ਸੀ।
ਡਬਲਯੂਐਫਆਈ ਨਾਲ ਸਬੰਧਤ ਵਿਵਾਦਾਂ ਕਾਰਨ ਡਬਲਯੂਐਫਆਈ ਦੀਆਂ ਚੋਣਾਂ ਵਿੱਚ ਦੇਰੀ ਹੋਈ ਹੈ। ਭਾਰਤ ਵਿੱਚ ਕੁਸ਼ਤੀ ਦੀ ਨਿਗਰਾਨੀ ਕਰਨ ਵਾਲੇ ਫੈਡਰੇਸ਼ਨ ਦੀਆਂ ਚੋਣਾਂ ਸ਼ੁਰੂ ਵਿੱਚ ਇਸ ਸਾਲ ਜੂਨ ਵਿੱਚ ਕਰਵਾਉਣ ਦੀ ਯੋਜਨਾ ਸੀ। ਹਾਲਾਂਕਿ, ਭਾਰਤੀ ਪਹਿਲਵਾਨਾਂ ਦੇ ਵਿਰੋਧ ਅਤੇ ਡਬਲਯੂਐਫਆਈ ਦੇ ਤਤਕਾਲੀ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਜਿਨਸੀ ਦੋਸ਼ਾਂ ਨੂੰ ਲੈ ਕੇ ਕਈ ਰਾਜ ਇਕਾਈਆਂ ਦੁਆਰਾ ਕਾਨੂੰਨੀ ਕੇਸਾਂ ਕਾਰਨ ਚੋਣਾਂ ਨੂੰ ਮੁਲਤਵੀ ਕਰਨਾ ਪਿਆ ਸੀ।
ਭਾਰਤੀ ਓਲੰਪਿਕ ਸੰਘ (IOA) ਦੁਆਰਾ ਗਠਿਤ ਇੱਕ ਐਡਹਾਕ ਕਮੇਟੀ ਵਰਤਮਾਨ ਵਿੱਚ WFI ਦੇ ਮਾਮਲਿਆਂ ਨੂੰ ਚਲਾ ਰਹੀ ਹੈ। ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਪਹਿਲਵਾਨਾਂ ਦੇ ਵਿਰੋਧ ਦੇ ਵਿਚਕਾਰ, UWW ਨੇ ਮਈ ਵਿੱਚ ਚੇਤਾਵਨੀ ਦਿੱਤੀ ਸੀ ਕਿ ਜੇਕਰ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਇੱਕ ਨਿਸ਼ਚਿਤ ਮਿਆਦ ਦੇ ਅੰਦਰ ਨਹੀਂ ਕਰਵਾਈਆਂ ਗਈਆਂ ਤਾਂ ਉਹ ਫੈਡਰੇਸ਼ਨ ਦੀ ਮੈਂਬਰਸ਼ਿਪ ਕਰ ਸਕਦੀ ਹੈ।