ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈਕੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੂੰ ਪੁਲਿਸ ਵਲੋਂ ਪੁੱਛਗਿੱਛ ਲਈ ਸੱਦਿਆ ਗਿਆ ਹੈ। ਹੋਰ ਤਾਂ ਹੋਰ ਮਨਕੀਰਤ ਔਲਖ ਤੇ ਅਜੇਪਾਲ ਮਿੱਡੂਖੇੜਾ ਨੂੰ ਵੀ ਪੁਲਿਸ ਵਲੋਂ ਪੁੱਛਗਿੱਛ ਲਈ ਸੱਦਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲਕਾਂਡ ’ਚ ਮਨਕੀਰਤ ਔਲਖ, ਦਿਲਪ੍ਰੀਤ ਢਿੱਲੋਂ ਤੇ ਅਫਸਾਨਾ ਖ਼ਾਨ ਕੋਲੋਂ ਪਹਿਲਾਂ ਵੀ ਜਾਂਚ ਏਜੰਸੀਆਂ ਪੁੱਛਗਿੱਛ ਕਰ ਚੁੱਕੀਆਂ ਹਨ। ਹੁਣ ਜੇਕਰ ਗੱਲ ਕਰੀਏ ਬੱਬੂ ਮਾਨ ਦੀ ਤਾਂ ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਵਿਚਾਲੇ ਅਕਸਰ ਸੋਸ਼ਲ ਮੀਡੀਆ ’ਤੇ ਤਰਕਾਰ ਦੇਖਣ ਨੂੰ ਮਿਲਦੀ ਰਹਿੰਦੀ ਸੀ। ਇਥੋਂ ਤੱਕ ਕਿ ਦੋਵਾਂ ਦੇ ਪ੍ਰਸ਼ੰਸਕਾਂ ਵਲੋਂ ਇਕ-ਦੂਜੇ ਨੂੰ ਮੈਸਿਜ ਕਰਕੇ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ। ਹੁਣ ਦੇਖਣਾ ਇਹ ਹੋਵੇਗਾ ਕਿ, ਕੀ ਇਸੇ ਦੇ ਚਲਦਿਆਂ ਪੁਲਿਸ ਵਲੋਂ ਬੱਬੂ ਮਾਨ ਨੂੰ ਪੁੱਛਗਿੱਛ ਲਈ ਸੱਦਿਆ ਜਾ ਰਿਹਾ ਹੈ ? ਜਾਂ ਮਾਮਲਾ ਕੁਝ ਹੋਰ ਹੈ।
ਗੌਰਤਲਬ ਹੈ ਕਿ ਸਿੱਧੂ ਮੂਸੇ ਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਮਾਪਿਆਂ ਵਲੋਂ ਲਗਾਤਾਰ ਸਰਕਾਰ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਤੇ ਸਿੱਧੂ ਦੇ ਕਾਤਲਾਂ ਨੂੰ ਫੜਨ ਦੀ ਬੇਨਤੀ ਕੀਤੀ ਜਾ ਰਹੀ ਹੈ। ਉਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਸੀ ਕਿ ਸਿੱਧੂ ਦੇ ਕਤਲ ਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਅਮਰੀਕਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਇਸ ਮਾਮਲੇ ਦੇ ਵਿਚ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਅਮਰੀਕਾ ‘ਚ ਆਪਣੀ ਗ੍ਰਿਫਤਾਰੀ ਤੋਂ ਇਨਕਾਰ ਕੀਤਾ ਹੈ। ਦਸ ਦਈਏ ਕਿ ਗੈਂਗਸਟਰ ਗੋਲਡੀ ਬਰਾੜ ਦਾ ਇੱਕ ਕਥਿਤ ਇੰਟਰਵਿਊ ਸੋਮਵਾਰ ਨੂੰ ਆਨਲਾਈਨ ਸਾਹਮਣੇ ਆਇਆ, ਜਿਸ ਵਿੱਚ ਉਸ ਨੇ ਦਾਅਵਾ ਕੀਤਾ ਕਿ ਉਹ ਨਾ ਤਾਂ ਫੜਿਆ ਗਿਆ ਹੈ ਅਤੇ ਨਾ ਹੀ ਉਹ ਅਮਰੀਕਾ ਵਿੱਚ ਹੈ। ਗੋਲਡੀ ਬਰਾੜ ਨੇ ਕਥਿਤ ਤੌਰ ‘ਤੇ ਇਹ ਦਾਅਵਾ ਅਜਿਹੇ ਸਮੇਂ ਕੀਤਾ ਹੈ ਜਦੋਂ ਕੁਝ ਦਿਨ ਪਹਿਲਾਂ ਕਈ ਖੁਫੀਆ ਏਜੰਸੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੋਲਡੀ ਬਰਾੜ ਨੂੰ ਕੈਲੀਫੋਰਨੀਆ ‘ਚ ਹਿਰਾਸਤ ‘ਚ ਲੈਣ ਦਾ ਦਾਅਵਾ ਕੀਤਾ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਲਗਾਤਾਰ ਵਿਵਾਦਾਂ ਵਿਚ ਘਿਰਦੀ ਜਾ ਰਹੀ ਹੈ ਕਿ ਉਹਨਾਂ ਨੇ ਆਮ ਜਨਤਾ ਦੇ ਨਾਲ-ਨਾਲ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਵੀ ਝੂਠ ਬੋਲਿਆ ਹੈ।