ਦਿੱਲੀ ਸ਼ਰਾਬ ਘੁਟਾਲੇ ਦੇ ਸਬੰਧ ਵਿਚ ਸੀਬੀਆਈ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਮੰਨ ਭੇਜੇ ਹਨ ਅਤੇ ਉਹਨਾਂ ਨੂੰ 16 ਅਪ੍ਰੈਲ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਸਿਆਸਤ ਗਰਮਾ ਚੁੱਕੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਇਸ ਮਾਮਲੇ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਈਡੀ ਤੇ ਸੀਬੀਆਈ ‘ਤੇ ਗੰਭੀਰ ਇਲਜ਼ਾਮ ਲਗਾਏ ਹਨ।
ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੀਆਂ ਸਾਰੀਆਂ ਵੱਡੀ ਏਜੰਸੀਆਂ ਬਾਕੀ ਮਾਮਲੇ ਛੱਡ ਕੇ ਸ਼ਰਾਬ ਨੀਤੀ ਦੇ ਪਿੱਛੇ ਪੈ ਗਈਆਂ ਹਨ। ਉਹਨਾਂ ਕਿਹਾ ਕਿ ਸੀ. ਬੀ. ਆਈ. ਅਤੇ ਈ. ਡੀ. ਨੇ ਸ਼ਰਾਬ ਘਪਲੇ ਮਾਮਲੇ ‘ਚ ਅਦਾਲਤ ‘ਚ ਝੂਠੇ ਹਲਫ਼ਨਾਮੇ ਦਾਇਰ ਕੀਤੇ। ਉਹ ਮਨੀਸ਼ ਸਿਸੋਦੀਆ ਅਤੇ ਮੇਰੇ ਖ਼ਿਲਾਫ਼ ਗਵਾਹੀ ਦੇਣ ਲਈ ਲੋਕਾਂ ਨੂੰ ਟਾਰਚਰ ਕਰ ਰਹੀ ਹੈ। ਕੱਲ ਸੀ. ਬੀ. ਆਈ. ਦੇ ਸਾਹਮਣੇ ਪੇਸ਼ ਹੋਵਾਂਗਾ, ਜੇਕਰ ਕੇਜਰੀਵਾਲ ਚੋਰ ਹੈ ਤਾਂ ਫਿਰ ਕੋਈ ਵੀ ਭ੍ਰਿਸ਼ਟਾਚਾਰ ਮੁਕਤ ਨਹੀਂ ਹੈ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਸੀ. ਬੀ. ਆਈ., ਈ. ਡੀ. ਨੇ 100 ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਾਇਆ। ਉਨ੍ਹਾਂ ਨੇ 400 ਤੋਂ ਵੱਧ ਛਾਪੇ ਮਾਰੇ ਗਏ ਪਰ ਇਹ ਰਾਸ਼ੀ ਨਹੀਂ ਮਿਲੀ। ਜਾਂਚ ਦੇ ਨਾਂ ‘ਤੇ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ। ਮੈਂ ਮੋਦੀ ਜੀ ਨੂੰ ਕਹਿਣਾ ਚਾਹਾਂਗਾ ਕਿ ਜੇਕਰ ਕੇਜਰੀਵਾਲ ਭ੍ਰਿਸ਼ਟਾਚਾਰੀ ਹੈ ਤਾਂ ਦੁਨੀਆ ‘ਚ ਕੋਈ ਈਮਾਨਦਾਰ ਨਹੀਂ ਹੈ। ਜਿਸ ਤਰ੍ਹਾਂ ‘ਆਪ’ ਨੂੰ ਟਾਰਗੇਟ ਕੀਤਾ ਗਿਆ, ਉਸ ਤਰ੍ਹਾਂ ਕਿਸੀ ਵੀ ਪਾਰਟੀ ਨੂੰ ਟਾਰਗੇਟ ਨਹੀਂ ਕੀਤਾ ਗਿਆ। ਮੈਂ ਦਿੱਲੀ ਵਿਧਾਨ ਸਭਾ ‘ਚ ਜਿਸ ਦਿਨ ਭ੍ਰਿਸ਼ਟਾਚਾਰ ਖ਼ਿਲਾਫ਼ ਬੋਲਿਆ ਸੀ, ਉਸੇ ਦਿਨ ਮੈਂ ਜਾਨ ਗਿਆ ਸੀ ਕਿ ਅਗਲਾ ਨੰਬਰ ਮੇਰਾ ਹੋਵੇਗਾ। ਪਿਛਲੇ 75 ਸਾਲਾਂ ਵਿਚ ਕਿਸੇ ਵੀ ਪਾਰਟੀ ਨੂੰ ‘ਆਪ’ ਵਾਂਗ ਨਿਸ਼ਾਨਾ ਨਹੀਂ ਬਣਾਇਆ ਗਿਆ। ਅਸੀਂ ਲੋਕਾਂ ‘ਚ ਚੰਗੀ ਸਿੱਖਿਆ ਦੀ ਉਮੀਦ ਜਤਾਈ ਹੈ। ਉਹ ਇਸ ਉਮੀਦ ਨੂੰ ਖ਼ਤਮ ਕਰਨਾ ਚਾਹੁੰਦੇ ਹਨ।