ਵਿਜੀਲੈਂਸ ਦੀ ਪੁੱਛਗਿੱਛ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਆਪਣੀ ਇਮਾਨਦਾਰੀ ਦੀਆਂ ਦਿੱਤੀਆਂ ਸਫਾਈਆਂ ਨੇ ਪੰਜਾਬ ਦੇ ਸਾਬਕਾ ਵਿਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਨੂੰ ਆਪਣੇ ਦੇ ਹੀ ਬਿਆਨ ਵਿਚ ਉਲਝਾ ਕੇ ਰੱਖ ਦਿੱਤਾ ਹੈ। ਰਾਜਾ ਵੜਿੰਗ ਅਤੇ ਜਥੇਦਾਰ ਦਾਦੂਵਾਲ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੂੰ ਆੜੇ ਹੱਥੀ ਲਿਆ ਹੈ। ਟਵੀਟ ਕਰਦੇ ਹੋਏ ਮੁੱਖ ਮੰਤਰੀ ਨੇ ਵਿਜੀਲੈਂਸ ਜਾਂਚ ‘ਚ ਮਨਪ੍ਰੀਤ ਬਾਦਲ ਵੱਲੋਂ ਦਿੱਤੇ ਗਏ ਜਵਾਬਾਂ ‘ਤੇ ਤੰਜ ਕਸਿਆ ਹੈ। ਇਸ ਦੇ ਨਾਲ ਹੀ ਖੁੱਲ੍ਹੀ ਚੁਣੌਤੀ ਵੀ ਦਿੱਤੀ ਹੈ ਕਿ ਉਹਨਾਂ ਦੇ ਜਵਾਬ ਦੀ ਉਡੀਕ ਰਹੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ‘ਚ ਲਿਖਿਆ- ਮਨਪ੍ਰੀਤ ਬਾਦਲ ਜੀ ਇਮਾਨਦਾਰੀ ਦੀਆਂ ਬਹੁਤੀਆਂ ਉਦਾਹਰਨਾਂ ਨਾ ਦਿਓ। ਮੈਨੂੰ ਤੁਹਾਡੇ ਬਾਗ਼ਾਂ ਦੇ ਕੱਲੇ ਕੱਲੇ ਕਿੰਨੂ ਦਾ ਪਤੈ। ਆਪਣੀ ਗੱਡੀ ਆਪ ਚਲਾਉਣਾ, ਟੋਲ ਟੈਕਸ ਦੇਣਾ, ਇਹ ਸਭ ਡਰਾਮੇ ਨੇ। ਤੁਹਾਡੀ ਭਾਸ਼ਾ ਚ ਸ਼ੇਅਰ ਹਾਜ਼ਰ ਹੈ, ਜਵਾਬ ਦੀ ਉਡੀਕ ਰਹੇਗੀ।
ਇਸਦੇ ਨਾਲ ਹੀ CM ਭਗਵੰਤ ਮਾਨ ਨੇ ਇੱਕ ਸ਼ੇਅਰ ਵੀ ਟਵੀਟ ਕੀਤਾ। ਜਿਸ ਵਿਚ ਹਿੰਦੀ ਭਾਸ਼ਾ ਵਿਚ ਲਿਖਿਆ ਗਿਆ ਸੀ, “तू इधर उधर की न बात कर यह बता कि काफिला क्यूं लुटा। मुझे रहज़नों से गिला नहीं, तेरी रहबरी का सवाल है।”
ਮੁੱਖ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਸੂਬੇ ਦੇ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਸੂਬੇ ਨੂੰ ਬਰਬਾਦ ਕਰਨ ਵਾਲਿਆਂ ਨਾਲ ਮਿਲੀਭੁਗਤ ਕਰ ਰਹੇ ਹਨ। ਸਾਬਕਾ ਵਿੱਤ ਮੰਤਰੀ ਦੇ ਕਾਰਜਕਾਲ ਦੌਰਾਨ ਲੋਕਾਂ ਦੀ ਭਲਾਈ ਲਈ ਸੂਬੇ ਦਾ ਖਜ਼ਾਨਾ ਹਮੇਸ਼ਾ ਖਾਲੀ ਰਿਹਾ ਪਰ ਜਨਤਾ ਦੇ ਪੈਸੇ ਨੂੰ ਅੰਨ੍ਹੇਵਾਹ ਲੁੱਟ ਹੋਣ ਦਿੱਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਖਜ਼ਾਨੇ ਨੂੰ ਲੋਕਾਂ ਦੀ ਭਲਾਈ ਲਈ ਵਰਤਣ ਦੀ ਬਜਾਏ ਸਾਬਕਾ ਮੰਤਰੀ ਦੀ ਇੱਛਾ ਅਨੁਸਾਰ ਵਰਤਿਆ ਗਿਆ।
ਦਸ ਦਈਏ ਕਿ ਬਠਿੰਡਾ ‘ਚ ਪ੍ਰਾਪਰਟੀ ਦੇ ਖਰੀਦੋ-ਫਰੋਤ ਮਾਮਲੇ ਨੂੰ ਲੈਕੇ ਭਾਜਪਾ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਦੀ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਵਿਜੀਲੈਂਸ ਵਲੋਂ ਸੰਮਨ ਤੋਂ ਬਾਅਦ ਲੰਘੇ ਸੋਮਵਾਰ ਨੂੰ ਮਨਪ੍ਰੀਤ ਬਾਦਲ ਵਿਜੀਲੈਂਸ ਦਫ਼ਤਰ ਪੇਸ਼ ਹੋਏ। ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਸੀ-ਮੈਂ 9 ਸਾਲ ਮੰਤਰੀ ਰਿਹਾ, ਪਰ ਕਦੇ ਵੀ ਸਰਕਾਰੀ ਗੱਡੀ, ਪੈਟਰੋਲ, ਡੀਜ਼ਲ, ਹੋਟਲ ਦਾ ਕਿਰਾਇਆ, ਹਵਾਈ ਜਹਾਜ਼ ਦੀ ਟਿਕਟ, ਰੇਲਵੇ ਟਿਕਟ, ਮੈਡੀਕਲ ਸਹੂਲਤਾਂ ਦੀ ਵਰਤੋਂ ਨਹੀਂ ਕੀਤੀ ਅਤੇ ਮੈਨੂੰ ਇੱਕ ਕੱਪ ਚਾਹ ਦਾ ਵੀ ਸ਼ੌਕ ਨਹੀਂ ਹੈ। ਮੇਰੇ ਕੋਲ 3 ਮੋਟਰਾਂ ਹਨ, ਮੈਂ ਉਨ੍ਹਾਂ ਦਾ ਬਿੱਲ ਭਰਦਾ ਹਾਂ, ਜਦਕਿ ਬਾਕੀ ਕਿਸਾਨਾਂ ਦੀ ਬਿਜਲੀ ਮੁਆਫ਼ ਹੈ। ਮੈਂ ਇਸ ਸਹੂਲਤ ਦਾ ਲਾਭ ਨਹੀਂ ਲਿਆ। ਮਨਪ੍ਰੀਤ ਬਾਦਲ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਉਸ ਨੂੰ ਦੋਸ਼ੀ ਬਣਾ ਕੇ ਆਪਣੀ ਇੱਛਾ ਪੂਰੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ। ਉਨ੍ਹਾਂ ਨੂੰ ਬਰਬਾਦ ਕਰਨ ਜਾਂ ਬਦਨਾਮ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਥੇ ਹੀ ਵਿਜੀਲੈਂਸ ‘ਚ ਪੇਸ਼ੀ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਇਕ ਪ੍ਰੈੱਸ ਕਾਨਫਰੰਸ ਵੀ ਕੀਤੀ ਸੀ ਜਿਸ ਵਿਚ ਉਹਨਾਂ ਆਪਣੀ ਇਮਾਨਦਾਰੀ ਦੀਆਂ ਬਹੁਤ ਸਫਾਈਆਂ ਦਿੱਤੀਆਂ ਸੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ‘ਤੇ ਇਹ ਇਲਜ਼ਾਮ ਲਗਾਏ ਸੀ ਕਿ ਕਿਸੇ ਜਾਂਚ-ਪੜਤਾਲ ਤੋਂ ਬਚਣ ਲਈ ਰਾਜਾ ਵੜਿੰਗ ਅੱਧੀ ਰਾਤੀ ਭਗਵੰਤ ਮਾਨ ਦੇ ਪੈਰੀ-ਹੱਥ ਲਾਕੇ ਆਇਆ ਹੈ ਜਿਸ ਦਾ ਰਾਜਾ ਵੜਿੰਗ ਨੇ ਮੋੜਵਾਂ ਜਵਾਬ ਦਿੱਤਾ ਸੀ। ਇੰਨਾਂ ਹੀ ਨਹੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਵੀ ਮਨਪ੍ਰੀਤ ਸਿੰਘ ਬਾਦਲ ਨੂੰ ਆੜੇ ਹੱਥੀ ਲੈਂਦਿਆਂ 2019 ਵਿਚ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਦੋਸ਼ ਲਗਾਏ ਸਨ ਅਤੇ ਕਿਹਾ ਸੀ ਕਿ ਸੁਖਬੀਰ ਬਾਦਲ, ਮਨਪ੍ਰੀਤ ਬਾਦਲ ਨਾਲੋ ਕਈ ਦਰਜੇ ਚੰਗਾ ਹੈ।