ਪੰਜਾਬ ਨੂੰ ਤੰਦਰੁਸਤ ਅਤੇ ਸਿਹਤਮੰਦ ਪੰਜਾਬ ਬਣਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਤੋਂ ਇਕ ਦਿਨ ਪਹਿਲਾਂ CM ਦੀ ਯੋਗਸ਼ਾਲਾ ਤਹਿਤ ਜਲੰਧਰ ਵਿਖੇ ਵੱਡੀ ਗਿਣਤੀ ‘ਚ ਪਹੁੰਚੇ ਲੋਕਾਂ ਨਾਲ ਯੋਗਾ ਕੀਤੀ। ਇਸ ਦੌਰਾਨ ‘ਆਪ’ ਲੀਡਰਸ਼ਿਪ ਵੀ ਮੌਜੂਦ ਰਹੀ। ਜਲੰਧਰ ਦੇ ਪੀਏਪੀ ਗਰਾਊਂਡ ਵਿਖੇ ਕਰੀਬ 15 ਹਜ਼ਾਰ ਲੋਕਾਂ ਦੇ ਨਾਲ ਸੀ.ਐਮ. ਮਾਨ ਨੇ ਯੋਗਾ ਕੀਤਾ ਅਤੇ ਯੋਗਾ ਅਧਿਆਪਕਾਂ ਨੇ ਸਾਰਿਆਂ ਨੂੰ ਯੋਗਾ ਕਰਨ ਲਈ ਪ੍ਰੇਰਿਤ ਕੀਤਾ।
ਇਸ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਇੱਥੇ ਮੈਟ ‘ਤੇ ਬੈਠ ਕੇ ਯੋਗਾ ਕੀਤਾ ਜਾਵੇ। ਅਸੀਂ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਵੀ ਯੋਗਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਦੀ ਸਾਡੀ ਜੀਵਨ ਸ਼ੈਲੀ ਹੈ, ਉਸ ਨਾਲ ਲੋਕ ਡਿਪ੍ਰੈਸ਼ਨ ਵਿੱਚ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਯੋਗ ਹੀ ਪ੍ਰਾਚੀਨ ਸਾਧਨ ਹੈ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਮੇਰਾ ਪੰਜਾਬ ਸਿਹਤਮੰਦ ਹੋਵੇ। ਜੇ ਮੇਰਾ ਪੰਜਾਬ ਸਿਹਤਮੰਦ ਹੋਵੇਗਾ ਤਾਂ ਬਾਕੀਆਂ ਨੂੰ ਵੀ ਪਾਜ਼ੇਟਿਵ ਊਰਜਾ ਦੇਵੇਗਾ। ਇਹੀ ਸਾਡਾ ਮਕਸਦ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਇਲਾਕੇ ਦੇ 25 ਵਿਅਕਤੀ ਇਕੱਠੇ ਯੋਗਾ ਕਰਨਾ ਚਾਹੁੰਦੇ ਹਨ ਤਾਂ ਸਰਕਾਰ ਨੂੰ 7669400500 ‘ਤੇ ਮਿਸ ਕਾਲ ਕਰੋ, ਯੋਗਾ ਟ੍ਰੇਨਰ ਤੁਹਾਡੇ ਤੱਕ ਮੁਫ਼ਤ ਪਹੁੰਚ ਜਾਵੇਗਾ।