ਮਿਸ਼ਨ ਇਨਵੈਸਟਮੈਂਟ ਦੇ ਚਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਮੁੰਬਈ ਦੌਰੇ ’ਤੇ ਹਨ। ਬੀਤੇ ਦਿਨੀਂ ਭਗਵੰਤ ਮਾਨ ਨੇ ਪੰਜਾਬ ’ਚ ਫ਼ਿਲਮ ਸਿਟੀ ਬਣਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨਾਲ ਹੋਈ। ਕਪਿਲ ਸ਼ਰਮਾ ਨੇ ਭਗਵੰਤ ਮਾਨ ਨਾਲ ਮੁਲਾਕਾਤ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਭਗਵੰਤ ਮਾਨ ਤੇ ਕਪਿਲ ਸ਼ਰਮਾ ਤੋਂ ਇਲਾਵਾ ਅਰਚਨਾ ਪੂਰਨ ਸਿੰਘ ਵੀ ਨਜ਼ਰ ਆ ਰਹੀ ਹੈ।
ਤਸਵੀਰਾਂ ਸਾਂਝੀਆਂ ਕਰਦਿਆਂ ਕਪਿਲ ਸ਼ਰਮਾ ਨੇ ਲਿਖਿਆ, ‘‘ਕੱਲ ਸ਼ਾਮ ਮੁੰਬਈ ’ਚ ਵੱਡੇ ਵੀਰ ਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨਾਲ ਬੜੇ ਲੰਮੇ ਸਮੇਂ ਬਾਅਦ ਮੁਲਾਕਾਤ ਹੋਈ। ਦਿਲ ’ਚ ਪਿਆਰ ਤੇ ਜੱਫੀ ’ਚ ਨਿੱਘ ਪਹਿਲਾਂ ਨਾਲੋਂ ਵੀ ਜ਼ਿਆਦਾ ਸੀ। ਕੁਝ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਬੜੀ ਪਿਆਰੀ ਤੇ ਨਿੱਘੀ ਮੁਲਾਕਾਤ ਸੀ। ਤੁਹਾਡੇ ਪਿਆਰ, ਮਾਣ ਤੇ ਸਤਿਕਾਰ ਲਈ ਬਹੁਤ-ਬਹੁਤ ਧੰਨਵਾਦ ਭਾਅ ਜੀ। ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ’ਚ ਰੱਖੇ ਸਾਡੇ ਵੀਰ ਨੂੰ।’’
ਇਥੇ ਦਸ ਦਈਏ ਕਿ ਪੰਜਾਬ ਦੇ ਸੀ.ਐਮ. ਭਗਵੰਤ ਮਾਨ ਮਿਸ਼ਨ ਇਨਵੈਸਟਮੈਂਟ ਦੇ ਚਲਦਿਆਂ ਦੋ ਦਿਨਾਂ ਮੁੰਬਈ ਦੌਰੇ ’ਤੇ ਹਨ। ਇਸ ਦੌਰਾਨ ਭਗਵੰਤ ਮਾਨ ਨੇ ਪੰਜਾਬੀ ਫ਼ਿਲਮ ਸਿਟੀ ਬਣਾਉਣ ਦਾ ਐਲਾਨ ਕੀਤਾ ਸੀ। ਭਗਵੰਤ ਮਾਨ ਨੇ ਕਿਹਾ ਕਿ ਪਾਲੀਵੁੱਡ ਬਹੁਤ ਵੱਡੀ ਇੰਡਸਟਰੀ ਹੈ। ਬਾਲੀਵੁੱਡ ਦੀਆਂ ਕਈ ਫ਼ਿਲਮਾਂ ਦੀ ਸ਼ੂਟਿੰਗ ਪੰਜਾਬ ’ਚ ਹੁੰਦੀ ਹੈ ਤੇ ਪੰਜਾਬ ਨਾਲ ਸਬੰਧਤ ਵਿਸ਼ਿਆਂ ’ਤੇ ਬਾਲੀਵੁੱਡ ਫ਼ਿਲਮਾਂ ਬਣਦੀਆਂ ਹਨ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਉਹ ਪਾਲੀਵੁੱਡ ਤੇ ਬਾਲੀਵੁੱਡ ਦਾ ਮਿਲਾਪ ਕਰਵਾਉਣਗੇ ਤਾਂ ਜੋ ਸਰਕਾਰ ਨੂੰ ਰੈਵੇਨਿਊ ਆਵੇ ਤੇ ਲੋਕਲ ਕਲਾਕਾਰਾਂ ਨੂੰ ਕੰਮ ਵੀ ਮਿਲੇ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ‘ਲਾਫਟਰ ਚੈਲੇਂਜ’ ਦੇ ਆਪਣੇ ਪੁਰਾਣੇ ਸਮੇਂ ਨੂੰ ਵੀ ਯਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੀਆਂ ਬਹੁਤ ਸਾਰੀਆਂ ਯਾਦਾਂ ਮੁੰਬਈ ਨਾਲ ਜੁੜੀਆਂ ਹੋਈਆਂ ਹਨ।