ਪੰਜਾਬ ‘ਚ ਹੜ੍ਹਾਂ ਕਾਰਨ ਸਥਿਤੀ ਕਾਫੀ ਨਾਜ਼ੁਕ ਹੋ ਗਈ ਹੈ ਅਤੇ ਇਸ ‘ਤੇ ਸਿਆਸਤ ਵੀ ਹੋਣੀ ਲਾਜ਼ਮੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਵੀਡੀਓ ਨੂੰ ਟੈਗ ਕਰਕੇ ਮੁੱਖ ਮੰਤਰੀ ਭਗਵੰਤ ‘ਤੇ ਤੁਕਬੰਦੀ ਵਾਲੇ ਸ਼ਾਇਰੀ ਸ਼ੈਲੀ ‘ਚ ਵਿਅੰਗ ਕੱਸਿਆ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਟਵੀਟ ਕੀਤਾ ਅਤੇ ਲਿਖਿਆ- “ਸਰਕਾਰੇ ਓ ਸਰਕਾਰੇ ਉੱਠ ਦੇਖ ਆਲੇ-ਦੁਆਲੇ, ਇਕ ਹੜਾਂ ਨੇ ਡੋਬਤਾ ਪੰਜਾਬ ਸਾਡਾ, ਦੂਜਾ ਮੁੱਖ ਮੰਤਰੀ ਸਾਹਿਬ ਤੁਹਾਡੀਆਂ ਮਸਖਰੀਆਂ ਨੇ ਮਾਰੇ।” ਇਸਦੇ ਨਾਲ ਹੀ ਉਨ੍ਹਾਂ ਨੇ ਸੰਤ ਸੀਚੇਵਾਲ ਦੀ ਵੀਡੀਓ ਵੀ ਟੈਗ ਕੀਤੀ ਹੈ, ਜਿਸ ਵਿਚ ਉਹ ਡਰੇਨੇਜ ਵਿਭਾਗ ‘ਤੇ ਸਵਾਲ ਚੁੱਕ ਰਹੇ ਹਨ।
ਦਸ ਦਈਏ ਕਿ ਇਨੀਂ ਦਿਨੀਂ ਜਲੰਧਰ ਦੀ ਤਹਿਸੀਲ ਲੋਹੀਆਂ ਅਧੀਨ ਪੈਂਦੀ ਢੱਕਾ ਬਸਤੀ ਨੇੜੇ ਗੱਟਾ ਮੰਡੀ ਕਸੋ ਵਿੱਚ ਟੁੱਟੇ ਧੁੱਸੀ ਬੰਨ੍ਹ ਨੂੰ ‘ਆਪ’ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਬਣਵਾਉਣ ‘ਤੇ ਵਿਵਾਦ ਸ਼ੁਰੂ ਹੋਇਆ ਪਿਆ ਹੈ। ਦਰਅਸਲ, ਡਰੇਨੇਜ ਵਿਭਾਗ ਦਾ ਦੋਸ਼ ਹੈ ਕਿ ਸੀਚੇਵਾਲ ਉਨ੍ਹਾਂ ਨੂੰ ਕੰਮ ਨਹੀਂ ਕਰਨ ਦੇ ਰਹੇ, ਪਰ ਸੰਤ ਸੀਚੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓ ਬਣਾ ਕੇ ਇਸ ਦਾ ਜਵਾਬ ਦਿੱਤਾ ਹੈ।
ਵੀਡੀਓ ‘ਚ ਉਹ ਮੀਟਿੰਗ ਵੀ ਦਿਖਾਈ ਦੇ ਰਹੀ ਹੈ, ਜਿਸ ‘ਚ ਸੰਤ ਸੀਚੇਵਾਲ ਅਧਿਕਾਰੀਆਂ ਨੂੰ ਬਾਰਿਸ਼ ਤੋਂ ਪਹਿਲਾਂ ਗਿੱਦੜਪਿੰਡੀ ‘ਚ ਰੇਲਵੇ ਪੁਲ ਦੀ ਸਫਾਈ ਕਰਨ ਲਈ ਕਹਿ ਰਹੇ ਹਨ। ਜੋ ਮਿੱਟੀ ਇਕੱਠੀ ਹੋਈ ਹੈ, ਉਸ ਨੂੰ ਕੱਢਿਆ ਜਾਵੇ ਪਰ ਵਿਭਾਗ ਇਸ ਲਈ ਟੈਂਡਰ ਕੱਢਣ ਤੋਂ ਬਾਅਦ ਕਹਿ ਰਿਹਾ ਹੈ। ਸੰਤ ਸੀਚੇਵਾਲ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਉਨ੍ਹਾਂ ਕਿਹਾ ਕਿ ਡਰੇਨੇਜ ਵਿਭਾਗ ਟੈਂਡਰ ਜਾਰੀ ਨਹੀਂ ਕਰ ਸਕਿਆ ਅਤੇ ਪੁਲ ਦੇ ਹੇਠਾਂ ਤੋਂ ਮਿੱਟੀ ਨਾ ਚੁੱਕਣਾ ਹੜ੍ਹ ਦਾ ਕਾਰਨ ਹੈ।
ਸੰਤ ਸੀਚੇਵਾਲ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਉਹ ਸ਼ਾਹਕੋਟ ਦੇ ਐਸਡੀਐਮ ਨਾਲ ਵੀ ਗੱਲ ਕਰ ਰਹੇ ਹਨ ਜਿੱਥੇ ਧੁੱਸੀ ਬੰਨ੍ਹ ਨੇੜੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਹ ਐਸਡੀਐਮ ਨੂੰ ਇਹ ਵੀ ਕਹਿ ਰਹੇ ਹਨ ਕਿ ਜੇਕਰ ਉਨ੍ਹਾਂ ਧਿਆਨ ਦਿੱਤਾ ਹੁੰਦਾ ਤਾਂ ਅੱਜ ਇੱਥੇ ਇਹ ਸਥਿਤੀ ਨਾ ਹੁੰਦੀ। ਪੁਲ ਦੇ ਹੇਠਾਂ ਸਫ਼ਾਈ ਨਾ ਹੋਣ ਕਾਰਨ ਸਾਰਾ ਇਲਾਕਾ ਪਾਣੀ ਵਿੱਚ ਡੁੱਬ ਗਿਆ ਹੈ। ਉਹਨਾਂ ਨੇ ਵਿਭਾਗ ਨੂੰ ਆਪਣੇ ਤੌਰ ’ਤੇ ਮਿੱਟੀ ਕੱਢਣ ਲਈ ਵੀ ਕਿਹਾ ਸੀ ਪਰ ਵਿਭਾਗ ਨਹੀਂ ਮੰਨਿਆ।