ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂੁਜੇ ਦਿਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਦਾੜ੍ਹੀ ਨੂੰ ਲੈਕੇ ਬਿਆਨ ਦਿੱਤਾ ਸੀ ਜਿਸ ‘ਤੇ ਹੁਣ ਵਿਵਾਦ ਭੱਖਦਾ ਜਾ ਰਿਹਾ ਹੈ। ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਭਾਜਪਾ ਆਗੂ ਆਰ.ਪੀ. ਸਿੰਘ ਵਲੋਂ ਇਸ ਬਿਆਨ ‘ਤੇ ਕੀਤੀ ਨਿਖੇਦੀ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਇਕ ਫੇਸਬੁੱਕ ਪੋਸਟ ਜਾਰੀ ਕਰਦਿਆਂ ਮੁੱਖ ਮੰਤਰੀ ਮਾਨ ਦੇ ਨਾਲ-ਨਾਲ ਧਾਰਮਿਕ ਸ਼ਖ਼ਸੀਅਤਾਂ ਅਤੇ ਜਥੇਬੰਦੀਆਂ ਨੂੰ ਨਿਸ਼ਾਨੇ ‘ਤੇ ਲਿਆ।
ਫੇਸਬੁੱਕ ਪੋਸਟ ਜਾਰੀ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ, “ਮੈਨੂੰ ਯਕੀਨ ਹੀ ਨਹੀ ਆ ਰਿਹਾ ਕਿ ਦਸਮੇਸ਼ ਪਿਤਾ ਵੱਲੋਂ ਬਖਸ਼ੀ ਖ਼ਾਲਸਾਈ ਪਹਿਚਾਣ ਦੇ ਅਨਿੱਖੜਵੇਂ ਅੰਗ ਦਾਹੜਾ ਸਾਹਿਬ ਦੀ ਕਿਸੇ ਨਾਸਤਿਕ ਹੰਕਾਰੀ ਹੁਕਮਰਾਨ ਵੱਲੋਂ ਭਰੀ ਦੁਨੀਆ ਸਾਹਮਣੇ ਚਿੱਟੇ ਦਿਨ ਇਸ ਤਰਾਂ ਸ਼ਰ੍ਹੇਆਮ ਖਿੱਲੀ ਉਡਾਈ ਜਾਵੇ ਤੇ ਅਸੀ ਸਾਰੇ ਸਿੱਖ ਚੁੱਪ ਕਰਕੇ ਬੈਠ ਜਾਈਏ ? ਸਾਰੀ ਸੰਗਤ ਨੂੰ ਇਸਦਾ ਵਿਰੋਧ ਕਰਨਾ ਚਾਹੀਦਾ ਹੈ।
ਉਹਨਾਂ ਸਵਾਲ ਕੀਤਾ, ਕੀ ਇਹ ਹੈ ਗੁਰੂ ਵੱਲੋ ਬਖਸ਼ੇ ਪਾਵਨ ਕਕਾਰ ਉਤੇ ਖਾਲਸਾਈ ਅਣਖ ਜਿਸ ਦੀ ਰਾਖੀ ਲਈ ਸਿੰਘ ਪੁੱਠੀਆਂ ਖੱਲਾਂ ਤੱਕ ਲਹਾ ਗਏ? ਕੀ ਦਸਮੇਸ਼ ਪਿਤਾ ਦੀ ਨਿਸ਼ਾਨੀ ਦੀ ਖੁੱਲੇ ਆਮ ਬੇਅਦਬੀ ਉਤੇ ਭੀ ਕੌਮ ਦਾ ਖੂਨ ਨਹੀ ਖੌਲਦਾ? ਜਾਂ ਫਿਰ ਹੁਣ ਇਹ ਖੂਨ ਸਿਰਫ਼ ਆਪਣੇ ਸਿਆਸੀ ਪੂਰਨ ਗੁਰਸਿੱਖ ਵਿਰੋਧੀਆਂ ਖਿਲਾਫ਼ ਕੂੜ ਪ੍ਰਚਾਰ ਕਰਨ ਲਈ ਹੀ ਖੌਲਦਾ ਹੈ? ਬੀਬਾ ਬਾਦਲ ਨੇ ਕਿਹਾ ਕਿ ਇਕ ਅਜਿਹਾ ਮੁੱਖ ਮੰਤਰੀ ਜੋ ਗੁਰੂ ਵੱਲੋਂ ਬਖਸ਼ਿਸ਼ ਕੀਤੇ ਕਕਾਰਾਂ ਵਿਚ ਯਕੀਨ ਹੀ ਨਾ ਰੱਖਦਾ ਹੋਏ, ਕੇਸਾਂ ਨੂੰ ਕਤਲ ਕਰਦਾ ਹੋਏ ਤੇ ਆਪਣੀ ਦਾਹੜੀ ਰੰਗ ਕੇ ਮੂੰਹ ਕਾਲਾ ਕਰਦਾ ਹੋਏ, ਆਪਣੇ ਨਾਮ ਨਾਲ ਸਿੰਘ ਲਾਉਣ ਵਿੱਚ ਭੀ ਸ਼ਰਮ ਮਹਿਸੂਸ ਕਰਦਾ ਹੋਏ, ਉਹ ਹੰਕਾਰੀ ਮੁੱਖ ਮੰਤਰੀ ਉਸ ਪੰਜਾਬ ਦੀ ਧਰਤੀ ਤੇ ਖਲੋ ਕੇ ਨਿਧੜਕ ਹੋ ਕੇ ਗੁਰੂ ਸਾਹਿਬਾਨ ਦੀ ਨਿਸ਼ਾਨੀ ਦਾਹੜਾ ਸਾਹਿਬ ਦਾ ਨਿਰਾਦਰ ਕਰ ਜਾਏ ਜਿਹੜਾ ਪੰਜਾਬ ਜਿਉਂਦਾ ਹੀ ਗੁਰਾਂ ਦੇ ਨਾਮ ਤੇ ਹੈ – ਜੇ ਇਹ ਸਭ ਕੁਝ ਬਰਦਾਸ਼ਤ ਕਰਕੇ ਭੀ ਕੌਮ ਤੇ ਇਸ ਦੇ ਆਗੂ ਕਾਇਰਾਨਾ ਚੁੱਪ ਧਾਰੀ ਬੈਠੇ ਹਨ ਤਾਂ ਮੈਨੂੰ ਇਹ ਸੋਚ ਕੇ ਸ਼ਰਮ ਆਉਂਦੀ ਹੈ ਕਿ ਇਹ ਲੋਕ ਆਪਣੇ ਆਪ ਨੂੰ ਗੁਰੂ ਦਾ ਸਿੱਖ ਭੀ ਅਖਵਾਉਦੇ ਹਨ। ਜਿਸ ਦਾਹੜਾ ਸਾਹਿਬ ਦੀ ਭਗਵੰਤ ਮਾਨ ਨੇ ਖਿੱਲੀ ਉਡਾਈ ਹੈ ਉਹ ਗੁਰੂ ਦੇ ਚਰਨਾਂ ਦੀ ਧੂੜ ਸਾਫ ਕਰੇ ਤਾਂ ਭੀ ਉਸ ਦਾ ਮਾਣ ਵਧਦਾ ਹੈ ਪਰ ਖੁਦ ਆਪਣੀ ਅਣਖ ਨੂੰ ਕਤਲ ਕਰਵਾਕੇ ਲਲਾਰੀ ਕੋਲੋ ਰੰਗਵਾਉਣ ਵਾਲੇ ਕਿਸੇ ਕਲਮੂੰਹੇੰ ਖੋਦੇ ਬੰਦੇ ਨੂੰ ਕੋਈ ਸ਼ਰਮਿੰਦਾ ਥੋਹੜੇ ਕਰ ਸਕਦਾ ਹੈ।
ਦਸ ਦਈਏ ਕਿ ਵਿਧਾਨ ਸਭਾ ਸ਼ੈਸਨ ਮੌਕੇ ਮੁੱਖ ਮੰਤਰੀ ਮਾਨ ਨੇ ਸੁਖਬੀਰ ਬਾਦਲ ’ਤੇ ਬੋਲਦਿਆਂ ਕਿਹਾ ਕਿ ਅਸੀਂ ਜਿਹੋ ਜਿਹੇ ਅੰਦਰੋਂ ਹਾਂ ਉਹ ਜਿਹੇ ਹੀ ਬਾਹਰੋਂ ਹਾਂ। ਉਨ੍ਹਾਂ ਕਿਹਾ ਕਿ ਮੈਂ ਜਦੋਂ ਵੀ ਗੁਰੂ ਘਰ ਜਾਂਦਾ ਤਾਂ ਉੱਥੇ ਪ੍ਰੋਟੋਕਾਲ ਨਹੀਂ ਵੇਖਦਾ, ਜੋ ਪਹਿਲਾਂ ਕਤਾਰ ’ਚ ਮੱਥਾ ਟੇਕਣ ਲਈ ਖੜ੍ਹਾ ਹੁੰਦਾ ਉਸ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ। ਪਰ ਜਦੋਂ ਬਾਦਲ ਪਰਿਵਾਰ ਦਾ ਕੋਈ ਵੀ ਮੈਂਬਰ ਹਰਿਮੰਦਰ ਸਾਹਿਬ ’ਚ ਨਤਮਸਤਕ ਹੋਣ ਲਈ ਜਾਂਦਾ ਹੈ ਤਾਂ ਕੀਰਤਨੀਏ ਵੀ ਉੱਠ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਫਿਰ ਉਹਨਾਂ ਕਿਹਾ ਸੀ ਕਿ ਅਸੀਂ ਮੌਕਾ ਵੇਖਕੇ ਦਾੜ੍ਹੀ ਨਹੀਂ ਖੋਲ੍ਹਦੇ।