ਪੰਜਾਬੀ ਫਿਲਮ ‘ਦਾਸਤਾਨ-ਏ-ਸਰਹਿੰਦ’ (Dastan-E-Sirhind) ਵਿਵਾਦਾਂ ਵਿਚ ਆ ਗਈ ਹੈ ਅਤੇ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਨਵੀ ਸਿੱਧੂ ਅਤੇ ਮਨਪ੍ਰੀਤ ਬਰਾੜ ਵੱਲੋਂ ਨਿਰਦੇਸ਼ਿਤ ਕੀਤੀ ਗਈ ਫਿਲਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਇਸ ਫਿਲਮ ਨੂੰ ਲੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਦਾਸਤਾਨ-ਏ-ਸਰਹੰਦ ਨਾਂ ਦੀ ਫਿਲਮ ਚਲਾਉਣ ਨੂੰ ਕਮੇਟੀ ਵੱਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਹਰਭਜਨ ਸਿੰਘ ਵਕਤਾ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਤ ਕਿਸੇ ਵੀ ਫਿਲਮ ਦੇ ਹਰ ਪਹਿਲੂ ਦੀ ਡੂੰਘਾਈ ਨਾਲ ਸਮੀਖਿਆ ਕਰਨ ਬਾਅਦ ਹੀ ਕੋਈ ਫੈਸਲਾ ਕੀਤਾ ਜਾਂਦਾ ਹੈ, ਲਿਹਾਜ਼ਾ ਦਾਸਤਾਨ-ਏ-ਸਰਹੰਦ ਫਿਲਮ ਚਲਾਉਣ ਨੂੰ ਕੋਈ ਪ੍ਰਵਾਨਗੀ ਨਹੀਂ ਦਿੱਤੀ ਹੈ। ਦਾਸਤਾਨ-ਏ-ਸਰਹੰਦ ਫਿਲਮ ਦਾ ਮਾਮਲਾ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਜਿਸ ਦੀ ਰੌਸ਼ਨੀ ਵਿਚ ਸ਼੍ਰੋਮਣੀ ਕਮੇਟੀ ਸੁਚੇਤ ਹੈ।
ਜਾਣਾਕਾਰੀ ਲਈ ਦੱਸ ਦੇਈਏ ਕਿ ਇਸ ਫਿਲਮ ਵਿੱਚ ਅਦਾਕਾਰ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾ ਵਿੱਚ ਹਨ। ਇਹ ਫਿਲਮ 2 ਦਸੰਬਰ ਨੂੰ ਰਿਲੀਜ਼ ਹੋਣੀ ਸੀ। ਇਸ ਵਿਚਕਾਰ ਫਿਲਮ ਨੂੰ ਲੈ ਲਗਾਤਾਰ ਵਿਵਾਦ ਦੀ ਸਥਿਤੀ ਬਣੀ ਹੋਈ ਹੈ।