G-20 ਸੰਮੇਲਨ ਦੀ ਸ਼ੁਰੂਆਤ ਅੱਜ ਅੰਮ੍ਰਿਤਸਰ ਦੇ ਵਿਚ ਸ਼ੁਰੂ ਹੋ ਚੁੱਕੀ ਹੈ। ਇਸ ਸੰਮੇਲਨ ਦੇ ਵਿੱਚ 28 ਮੁਲਕਾਂ ਦੇ ਤਕਰੀਬਨ 55 ਡੈਲੀਗੇਟ ਸ਼ਾਮਲ ਹੋਣਗੇ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਕਰਵਾਏ ਜਾ ਰਹੇ ਸੰਮੇਲਨ ਵਿਚ ਸੈਮੀਨਾਰ, ਪ੍ਰਦਰਸ਼ਨੀਆਂ ਅਤੇ ਵੱਖ ਵੱਖ ਕਾਰਜ ਸਮੂਹਾਂ ਦੀਆਂ ਮੀਟਿੰਗਾਂ ਸ਼ਾਮਲ ਹੋਣਗੀਆਂ। ਇਸ ਸੰਮੇਲਨ ਵਿਚ ਦੂਜੀ ਐਜੂਕੇਸ਼ਨ ਵਰਕਿੰਗ ਗਰੁੱਪ ਦੇ ਮੈਂਬਰਾਂ ਤੋਂ ਇਲਾਵਾ ਯੂਨੈਸਕੋ, ਯੂਨੀਸੈਫ਼ ਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਅੰਮ੍ਰਿਤਸਰ ਦੇ ਇਤਿਹਾਸਕ ਖਾਲਸਾ ਕਾਲਜ ਵਿਚ ਇਸ ਸੰਮੇਲਨ ਦਾ ਆਯੋਜਨ ਕੀਤਾ ਗਿਆ ਹੈ ਜੋ ਕਿ 15 ਮਾਰਚ ਯਾਨੀ ਅੱਜ ਤੋਂ 17 ਮਾਰਚ ਤੱਕ ਚੱਲੇਗਾ। ਦੱਸ ਦਈਏ ਕਿ ਇਸ ਸੰਮੇਲਨ ’ਚ ਸਿੱਖਿਆ ਦੇ ਮੁੱਦੇ ਤੋਂ ਇਲਾਵਾ ਕਈ ਅਹਿਮ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ।
ਇਹ ਸੈਮੀਨਾਰ ਆਈ.ਆਈ.ਐਸ.ਸੀ. ਬੰਗਲੂਰੂ ਦੇ ਡਾਇਰੈਕਟਰ ਪ੍ਰੋਫੈਸਰ ਗੋਬਿੰਦ ਰੰਗਰਾਜਨ ਵੱਲੋਂ ਜੀ20 ਮੁਲਕਾਂ ਵਿਚ ਖੋਜ ਪਹਿਲਕਦਮੀਆਂ ਉਤੇ ਇਕ ਪੇਸ਼ਕਾਰੀ ਨਾਲ ਸ਼ੁਰੂ ਹੋਵੇਗਾ। ਸੈਮੀਨਾਰ ਵਿਚ ਦੋ ਸੈਸ਼ਨ ਵਿਚਾਰ ਵਟਾਂਦਰੇ ਦੇ ਵੀ ਹੋਣਗੇ, ਜਿਨ੍ਹਾਂ ਵਿਚੋਂ ਇਕ ਦੀ ਪ੍ਰਧਾਨਗੀ ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋਫ਼ੈਸਰ ਰਾਜੀਵ ਆਹੂਜਾ ਕਰਨਗੇ, ਜਦੋਂ ਕਿ ਦੂਜੇ ਸੈਸ਼ਨ ਦੀ ਪ੍ਰਧਾਨਗੀ ਟੀਆਈਐੱਸਐੱਸ ਮੁੰਬਈ ਦੀ ਡਾਇਰੈਕਟਰ ਡਾ. ਸ਼ਾਲਿਨੀ ਭਾਰਤ ਵੱਲੋਂ ਕੀਤੀ ਜਾਵੇਗੀ।
ਪੈਨਲ ਚਰਚਾ ਵਿਚ ਭਾਰਤ ਸਮੇਤ ਫਰਾਂਸ, ਇੰਗਲੈਂਡ, ਆਸਟਰੇਲੀਆ, ਓਮਾਨ, ਦੱਖਣੀ ਅਫਰੀਕਾ, ਯੂਨੀਸੈਫ਼ ਚੀਨ ਆਦਿ ਮੁਲਕਾਂ ਦੇ ਪ੍ਰਤੀਨਿਧ ਹਿੱਸਾ ਲੈਣਗੇ। ਸੈਮੀਨਾਰ ਦੇ ਨਾਲ ਹੀ ਇਕ ਮਲਟੀਮੀਡੀਆ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਖੋਜ, ਨਵੀਨਤਾ, ਸਹਿਯੋਗ ਤੇ ਸਾਂਝੇਦਾਰੀ ਸਬੰਧੀ ਯਤਨਾਂ ਦੀ ਪੇਸ਼ਕਾਰੀ ਹੋਵੇਗੀ।