CM ਭਗਵੰਤ ਮਾਨ ਦਾ ਪੰਜਾਬ ਨੂੰ ਗੁੰਮਰਾਹ ਕਰਨਾ ਮੰਦਭਾਗਾ ਹੈ। ਭਗਵੰਤ ਮਾਨ ਦੀ ਕਿਸੇ ਵੀ ਗੱਲ ਦਾ ਭਰੋਸਾ ਨਹੀਂ ਹੈ। ਗੋਲਡੀ ਬਰਾੜ ਗ੍ਰਿਫ਼ਤਾਰ ਨਹੀਂ ਹੋਇਆ ਹੈ ਅਤੇ ਉਸਨੂੰ ਫੜਨਾ ਇੰਨਾ ਸੌਖਾ ਨਹੀਂ ਹੈ। ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦਾ ਜਿੰਨਾਂ ਨੇ ਫੇਸਬੁੱਕ ’ਤੇ ਇਕ ਵੀਡੀਓ ਸਾਂਝੀ ਕਰਦਿਆਂ ਬਿਆਨ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਵਿਚ ਇਹ ਦਾਅਵਾ ਕੀਤਾ ਹੈ ਕਿ ਸਰਕਾਰ ਨੇ Most Wanted Gangster ਗੋਲਡੀ ਬਰਾੜ ਨੂੰ ਫੜ ਲਿਆ ਹੈ। ਉਹਨਾਂ ਕਿਹਾ ਕਿ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਜੇਕਰ ਇਸ ਵਿਚ ਕੋਈ ਸੱਚਾਈ ਹੁੰਦੀ…
‘ਆਪ’ ਸਰਕਾਰ ਅਤੇ CM ਮਾਨ ‘ਤੇ ਨਿਸ਼ਾਨੇ ਸਾਧਦੇ ਹੋਏ ਉਹਨਾਂ ਕਿਹਾ ਹੈ ਕਿ ਗੁਜਰਾਤ ਚੋਣਾਂ ਹੋਣ ਅਤੇ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੋਵੇ, ਇਸੇ ਦਰਮਿਆਨ ਗੁਜਰਾਤ ਚੋਣਾਂ ਵਿਚ ਫਾਇਦਾ ਲੈਣ ਲਈ ਜੋ ਪੰਜਾਬ ਦੇ ਲੋਕਾਂ ਨੂੰ ਝੂਠ ਬੋਲਿਆ ਗਿਆ ਹੈ ਅਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਝੂਠ ਬੋਲਿਆ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਾਤਲ ਫੜਿਆ ਗਿਆ ਹੈ ਇਸ ਤਰੀਕੇ ਦੀ ਗੰਦੀ ਰਾਜਨੀਤੀ ਵੇਖ ਕੇ ਮਨ ਬਹੁਤ ਦੁਖੀ ਹੋਇਆ ਹੈ।
ਉਹਨਾਂ ਕਿਹਾ ਕਿ ਜੋ ਮੇਰੇ ਕੋਲ ਖ਼ਬਰਾਂ ਆਈਆਂ ਹਨ ਉਹਨਾਂ ਤੋਂ ਇਹ ਸਾਫ ਹੋ ਚੁੱਕਾ ਹੈ ਕਿ ਗੋਲਡੀ ਬਰਾੜ ਫੜਿਆ ਨਹੀਂ ਗਿਆ ਹੈ ਅਤੇ ਗੋਲਡੀ ਬਰਾੜ ਨੂੰ ਫੜਨਾ ਇੰਨਾ ਸੌਖਾ ਨਹੀਂ ਹੈ। ਉਹਨਾਂ ਸਵਾਲ ਖੜ੍ਹਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਲਾਅ ਐਂਡ ਆਰਡਰ ਨੂੰ ਵਿਖਾਉਣ ਲਈ ਇਸ ਤਰੀਕੇ ਦਾ ਬਿਆਨ ਕਿਉਂ ਜਾਰੀ ਕੀਤਾ ਹੈ। ਨਾਲ ਹੀ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਭਗਵੰਤ ਮਾਨ ਦੀ ਕਿਸੇ ਗੱਲ ਦਾ ਭਰੋਸਾ ਨਹੀਂ ਕਿ ਇਸ ਗੱਲ ਦੀ ਤਸਦੀਕ ਪੰਜਾਬ ਦੇ ਡੀਜੀਪੀ ਅਤੇ ਪੰਜਾਬ ਪੁਲਿਸ ਕਰੇਗੀ ਕਿ ਉਹਨਾਂ ਨੇ ਗੋਲਡੀ ਬਰਾੜ ਨੂੰ ਫੜ ਲਿਆ ਹੈ ਅਤੇ ਜੇਕਰ ਫੜ ਲਿਆ ਹੈ ਤਾਂ ਉਸਨੂੰ ਜਨਤਕ ਕਰੋ ਕਿਉਂਕਿ ਹਾਲੇ ਤੱਕ ਕੋਈ ਫੋਟੋ ਤਾਂ ਆਈ ਨਹੀਂ ਹੈ ਜਾਂ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ ਕਿ ਗੋਲਡੀ ਬਰਾੜ ਫੜਿਆ ਜਾ ਚੁੱਕਾ ਹੈ। ਉਹਨਾਂ CM ਮਾਨ ਨੂੰ ਅਪੀਲ ਕੀਤੀ ਹੈ ਕਿ ਆਪਣੀ ਛੋਟੀ ਸਿਆਸਤ ਬਾਰੇ ਝੂਠ ਬੋਲਣਾ ਬੰਦ ਕਰੋ ਕਿਉਂਕਿ ਪਿਛਲੇ ਅੱਠ ਮਹੀਨਿਆਂ ਤੋਂ ਲੋਕ ਤੁਹਾਡੇ ਝੂਠ ਦਾ ਸਾਹਮਣਾ ਕਰ ਰਹੇ ਹਨ ਅਤੇ ਹੁਣ ਇਹ ਨਵਾਂ ਝੂਠ ਫੜਿਆ ਜਾ ਚੁੱਕਾ ਹੈ ਅਤੇ ਸਾਰੀ ਸੱਚਾਈ ਸਾਹਮਣੇ ਆ ਚੁੱਕੀ ਹੈ।
ਦਸ ਦਈਏ ਕਿ ਬੀਤੇ ਕੱਲ੍ਹ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਨਸ਼ਰ ਹੋਈ ਸੀ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਂਡ ਗੋਲਡੀ ਬਰਾੜ ਕੈਲੀਫੋਰਨੀਆ ਵਿਚ ਫੜਿਆ ਜਾ ਚੁੱਕਾ ਹੈ ਅਤੇ ਇਸ ਦਾ ਦਾਅਵਾ ਮੁੱਖ ਮੰਤਰੀ ਮਾਨ ਨੇ ਕੀਤਾ ਸੀ ਪਰ ਹੁਣ ਇਸ ’ਤੇ ਵਿਵਾਦ ਖੜਾ ਹੋਣਾ ਸ਼ੁਰੂ ਹੋ ਗਿਆ ਹੈ।