ਦਿੱਲੀ ਦੀਆਂ ਨਗਰ ਨਿਗਮ ਚੋਣਾਂ (MCD Election Results 2022) ਵਿੱਚ ਬੇਸ਼ੱਕ ਆਮ ਆਦਮੀ ਪਾਰਟੀ ਨੇ ਬਹੁਮਤ ਹਾਸਲ ਕਰ ਲਿਆ ਹੈ ਪਰ ਇਸ ਦੇ ਬਾਵਜੂਦ ਭਾਜਪਾ ਅਜੇ ਵੀ ਹਾਰ ਮੰਨਦੀ ਨਜ਼ਰ ਨਹੀਂ ਆ ਰਹੀ ਹੈ। ਹੁਣ ਭਾਜਪਾ ਨੇ ਨੂੰ ਸੰਕੇਤ ਦਿੱਤਾ ਹੈ ਕਿ ਸ਼ਹਿਰ ਦੇ ਮੇਅਰ ਦੀ ਚੋਣ ਅਜੇ ਵੀ ਖੁੱਲ੍ਹੀ ਖੇਡ ਹੈ। ਇਸ ਦਰਮਿਆਨ ਪਾਰਟੀ ਨੇ ਚੰਡੀਗੜ੍ਹ ਦੀ ਮਿਸਾਲ ਵੀ ਦਿੱਤੀ, ਜਿੱਥੇ ਚੋਣਾਂ ਵਿਰੋਧੀ ਪਾਰਟੀ ਜਿੱਤੀ ਸੀ, ਪਰ ਮੇਅਰ ਭਾਜਪਾ ਪਾਰਟੀ ਦਾ ਹੀ ਬਣਿਆ ਸੀ।
ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਟਵੀਟ ਕੀਤਾ, “ਹੁਣ ਜਦੋਂ ਦਿੱਲੀ ਦੇ ਮੇਅਰ ਦੀ ਚੋਣ ਕਰਨ ਦੀ ਗੱਲ ਆਉਂਦੀ ਹੈ, ਤਾਂ ਇਹ ਸਭ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਨਜ਼ਦੀਕੀ ਮੁਕਾਬਲੇ ਵਿੱਚ ਲੋੜੀਂਦੇ ਨੰਬਰ ਕਿਸ ਕੋਲ ਹਨ ਅਤੇ ਨਾਮਜ਼ਦ ਕੌਂਸਲਰ ਕਿਵੇਂ ਵੋਟ ਦਿੰਦੇ ਹਨ। ਉਦਾਹਰਣ ਵਜੋਂ ਚੰਡੀਗੜ੍ਹ ਵਿੱਚ ਭਾਜਪਾ ਦਾ ਮੇਅਰ ਹੈ।” ਦੂਜੇ ਪਾਸੇ ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰਪਾਲ ਸਿੰਘ ਬੱਗਾ ਨੇ ਵੀ ਦਾਅਵਾ ਕੀਤਾ ਕਿ ਸ਼ਹਿਰ ਵਿਚ ਮੁੜ ਉਨ੍ਹਾਂ ਦੀ ਪਾਰਟੀ ਦਾ ਮੇਅਰ ਹੋਵੇਗਾ। ਉਂਜ ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਚੰਡੀਗੜ੍ਹ ਦੇ 35 ਵਾਰਡਾਂ ਲਈ ਹੋਈਆਂ ਨਗਰ ਨਿਗਮ ਚੋਣਾਂ ਵਿੱਚ ‘ਆਪ’ 14 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ, ਪਰ ਬਹੁਮਤ ਹਾਸਲ ਨਹੀਂ ਕਰ ਸਕੀ। ਜਦਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਬਹੁਮਤ ਦੇ ਅੰਕੜੇ ਤੋਂ 9 ਵੱਧ ਸੀਟਾਂ ਜਿੱਤੀਆਂ ਹਨ।
ਇਥੇ ਦਸ ਦਈਏ ਕਿ ਦਿੱਲੀ ਦੀ ਸੱਤਾਧਾਰੀ ‘ਆਪ’ ਨੇ ਬੁੱਧਵਾਰ ਨੂੰ ਦਿੱਲੀ ਨਗਰ ਨਿਗਮ (ਐੱਮਸੀਡੀ) ਚੋਣਾਂ ‘ਚ 134 ਵਾਰਡਾਂ ‘ਤੇ ਜਿੱਤ ਹਾਸਲ ਕੀਤੀ, ਜਿਸ ਨਾਲ ਨਗਰ ਨਿਗਮ ‘ਚ ਭਾਜਪਾ ਦੇ 15 ਸਾਲ ਦੇ ਸ਼ਾਸਨ ਦਾ ਅੰਤ ਹੋ ਗਿਆ। ਇਸ ਚੋਣ ਵਿੱਚ ਭਾਜਪਾ ਨੇ 250 ਵਿੱਚੋਂ 104 ਵਾਰਡਾਂ ’ਤੇ ਜਿੱਤ ਹਾਸਲ ਕੀਤੀ, ਜਦਕਿ ਕਾਂਗਰਸ ਸਿਰਫ਼ 9 ਸੀਟਾਂ ’ਤੇ ਹੀ ਸਿਮਟ ਗਈ।