ਨਾਭਾ: ਗੁਜਰਾਤ-ਹਿਮਾਚਲ ਚੋਣਾਂ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੜ ਪੰਜਾਬ ’ਚ ਐਕਸ਼ਨ ਮੋਡ ਦੇ ਵਿਚ ਵਿਖਾਈ ਦੇ ਰਹੇ ਹਨ। ਇਸ ਦਰਮਿਆਨ ਉਹਨਾਂ ਵੱਲੋਂ ਅੱਜ ਪਟਿਆਲਾ ‘ਚ ਨਾਭਾ ਜੇਲ੍ਹ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ , ਪਟਿਆਲਾ ਦੇ ਐੱਸ. ਐੱਸ. ਪੀ. ਵਰੁਣ ਸ਼ਰਮਾ, ਡੀ. ਸੀ. ਸਾਕਸ਼ੀ ਸਾਹਣੀ ਅਤੇ ਜੇਲ੍ਹ ਪ੍ਰਸ਼ਾਸਨ ਦੇ ਉੱਚ-ਅਧਿਕਾਰੀ ਹਾਜ਼ਰ ਸਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੇਲ੍ਹ ਦੇ ਪੂਰੇ ਇਲਾਕਾ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਮੁੱਖ ਮੰਤਰੀ ਮਾਨ ਨੇ ਹਵਾਲਾਤੀਆਂ ਅਤੇ ਕੈਦੀਆਂ ਨੂੰ ਆ ਰਹੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਅਪੀਲ ਕੀਤੀ ਕੇ ਜੇਕਰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਜੇਲ੍ਹ ਸੁਪਰਡੈਂਟ ਨੂੰ ਦੱਸਿਆ ਜਾਵੇ। ਸਰਕਾਰ ਵੱਲੋਂ ਉਨ੍ਹਾਂ ਕਮੀਆਂ ਨੂੰ ਪੂਰਾ ਕਰਨ ਦੇ ਸਾਰੇ ਯਤਨ ਕੀਤੇ ਜਾਣਗੇ। ਹਵਾਲਾਤੀਆਂ ਨਾਲ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਤੁਸੀਂ ਇੱਥੋਂ ਚੰਗੀਆਂ ਚੀਜ਼ਾਂ ਸਿਖ ਕੇ ਜਾਓ ਤਾਂ ਜੋ ਜੇਲ੍ਹ ਤੋਂ ਬਾਹਰ ਜਾਣ ਤੋਂ ਬਾਅਦ ਸਮਾਜ ਅਤੇ ਪਰਿਵਾਰ ‘ਚ ਜਾ ਕੇ ਜ਼ਿੰਦਗੀ ਦਾ ਸਮਾਂ ਨਾ ਖ਼ਰਾਬ ਹੋਵੇ।