ਭਾਰਤੀ-ਤੇਲਗੂ ਫ਼ਿਲਮ ‘RRR’ ਦੇ ਗੀਤ ‘ਨਾਟੂ ਨਾਟੂ’ (Naatu Naatu) ਨੇ ਇਤਿਹਾਸ ਰੱਚ ਦਿੱਤਾ ਹੈ। 95ਵੇਂ ਅਕੈਡਮੀ ਐਵਾਰਡਜ਼ ‘ਚ ਸਰਵੋਤਮ ਮੂਲ ਗੀਤ (Best Original Song) ਦੀ ਸ਼੍ਰੇਣੀ ‘ਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।
ਦਸ ਦਈਏ ਕਿ ਭਾਰਤੀ-ਤੇਲਗੂ ਗੀਤ ‘ਨਾਟੂ ਨਾਟੂ’ ਦੇ ਸੰਗੀਤਕਾਰ ਐੱਮ. ਐੱਮ. ਕੀਰਵਾਨੀ ਹਨ ਅਤੇ ਇਸ ਨੂੰ ਆਵਾਜ਼ ਕਾਲ ਭੈਰਵ ਅਤੇ ਰਾਹੁਲ ਸਿਪਲੀਗੰਜ ਨੇ ਦਿੱਤੀ ਹੈ। ‘ਨਾਟੂ ਨਾਟੂ’ ਦਾ ਅਰਥ ਹੈ ‘ਨੱਚਣਾ’। ਇਹ ਗੀਤ ਅਭਿਨੇਤਾ ਰਾਮ ਚਰਨ ਅਤੇ ਜੂਨੀਅਰ ਐੱਨਟੀਆਰ ‘ਤੇ ਫ਼ਿਲਮਾਇਆ ਗਿਆ ਹੈ, ਜਿਸ ਵਿੱਚ ਉਨ੍ਹਾਂ ਦੇ ਡਾਂਸ ਮੂਵਜ਼ ਦੀ ਵੀ ਸ਼ਲਾਘਾ ਕੀਤੀ ਗਈ ਹੈ। ਇਸ ਤੋਂ ਪਹਿਲਾਂ, ‘ਨਾਟੂ ਨਾਟੂ’ ਦੇ ਗਾਇਕਾਂ ਕਾਲ ਭੈਰਵ ਅਤੇ ਰਾਹੁਲ ਸਿਪਲੀਗੰਜ ਨੇ ਆਸਕਰ ਸਮਾਰੋਹ ਵਿੱਚ ਇਸ ਤੇਲਗੂ ਗੀਤ ‘ਤੇ ਇੱਕ ਪਾਵਰ ਪੈਕਡ ਪਰਫਾਰਮੈਂਸ ਦਿੱਤੀ, ਜਿਸ ਨੇ ਸਮਾਰੋਹ ਸਥਾਨ ‘ਤੇ ਮੌਜੂਦ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਸਮਾਰੋਹ ਵਿੱਚ ਭਾਰਤੀ ਗਾਇਕਾਂ ਦੀ ਪੇਸ਼ਕਾਰੀ ਦਾ ਐਲਾਨ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਕੀਤਾ ਸੀ।
ਦਸਣਯੋਗ ਹੈ ਕਿ ਇਸ ਕੈਟਾਗਰੀ ‘ਚ ਗੀਤ ‘ਨਾਟੂ ਨਾਟੂ’ ਨੇ ਫ਼ਿਲਮ ‘ਟੈੱਲ ਇਟ ਲਾਈਕ ਏ ਵੂਮੈਨ’ ਦੇ ਗੀਤ ‘ਅਪਲਾਜ’, ‘ਟੌਪ ਗਨ: ਮਾਵੇਰਿਕ’ ਦੇ ਗੀਤ ‘ਹੋਲਡ ਮਾਈ ਹੈਂਡ’, ‘ਬਲੈਕ ਪੈਂਥਰ: ਵਾਕਾਂਡਾ ਫਾਰਐਵਰ’ ਦੇ ‘ਲਿਫਟ ਮੀ ਅੱਪ’ ਅਤੇ “ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ” ਦੇ “ਦਿਸ ਇਜ਼ ਏ ਲਾਈਫ” ਨੂੰ ਮਾਤ ਦਿੱਤੀ।
ਨਾਲ ਹੀ ਤੁਹਾਨੂੰ ਦਸ ਦਈਏ ਕਿ 95ਵੇਂ ਆਸਕਰ ਐਵਾਰਡ ਸੈਰੇਮਨੀ ’ਚ ਭਾਰਤੀ ਫਿਲਮ ‘The Elephant Whisperers’ ਨੇ ਬੈਸਟ ਡਾਕੂਮੈਂਟਰੀ ਸ਼ਾਰਟ ਫਿਲਮ ਦਾ ਐਵਾਰਡ ਜਿੱਤ ਲਿਆ ਹੈ। ਇਸ ਨੂੰ ਕਾਰਤਿਕੀ ਗੋਂਜਾਵਿਲਸ ਨੇ ਡਾਇਰੈਕਟ ਅਤੇ ਗੁਨੀਤ ਮੌਂਗਾ ਨੇ ਪ੍ਰੋਡਿਊਸ ਕੀਤਾ ਹੈ। ਗੁਨੀਤ ਨੇ ਕਿਹਾ ਕਿ ਭਾਰਤ ਲਈ 2 ਔਰਤਾਂ ਨੇ ਇਹ ਕਰ ਦਿਖਾਇਆ ਹੈ।