ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਬਹਾਵਲਪੁਰ ਦੀ ਇਸਲਾਮੀਆ ਯੂਨੀਵਰਸਿਟੀ ਦੇ ਸੁਰੱਖਿਆ ਅਧਿਕਾਰੀ ਦੇ ਮੋਬਾਈਲ ਫੋਨ ਤੋਂ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓ ਕਲਿੱਪਾਂ ਮਿਲੀਆਂ ਹਨ। ਮੀਡੀਆ ਰਿਪੋਰਟਾਂ ‘ਚ ਇਨ੍ਹਾਂ ਵੀਡੀਓਜ਼ ਦੀ ਗਿਣਤੀ 5500 ਦੇ ਕਰੀਬ ਦੱਸੀ ਗਈ ਹੈ। ਮੁਲਜ਼ਮ ਵਿਦਿਆਰਥਣਾਂ ਨੂੰ ਚੰਗੇ ਨੰਬਰਾਂ ਦਾ ਲਾਲਚ ਦੇ ਕੇ ਉਨ੍ਹਾਂ ਦੀਆਂ ਨਗਨ ਵੀਡੀਓ ਬਣਾਉਂਦੇ ਸਨ। ਇਸ ਯੂਨੀਵਰਸਿਟੀ ਦੇ 113 ਵਿਦਿਆਰਥੀ ਵੀ ਨਸ਼ੇ ਦੇ ਆਦੀ ਪਾਏ ਗਏ ਹਨ। ਪੁਲਿਸ ਨੂੰ ਪਤਾ ਲੱਗਾ ਕਿ ਯੂਨੀਵਰਸਿਟੀ ਦਾ ਇੱਕ ਪ੍ਰੋਫੈਸਰ ਉਨ੍ਹਾਂ ਨੂੰ ਨਸ਼ਾ ਵੇਚਦਾ ਸੀ।
ਪੁਲਿਸ ਨੇ ਯੂਨੀਵਰਸਿਟੀ ਦੇ ਡਾਇਰੈਕਟਰ ਡਾਕਟਰ ਅਬੂਜ਼ਰ, ਸੁਰੱਖਿਆ ਅਧਿਕਾਰੀ ਸਈਦ ਏਜਾਜ਼ ਸ਼ਾਹ ਅਤੇ ਅਲਤਾਫ਼ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਏਜਾਜ਼ ਦੇ 2 ਫੋਨਾਂ ਤੋਂ ਇਹ ਅਸ਼ਲੀਲ ਕਲਿੱਪ ਮਿਲੇ ਹਨ। ਪੁਲਿਸ ਨੇ 22 ਜੁਲਾਈ ਨੂੰ ਯੂਨੀਵਰਸਿਟੀ ਵਿੱਚ ਛਾਪਾ ਮਾਰਿਆ ਸੀ। ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਸੰਸਥਾ ਅਤੇ ਵਿਦਿਆਰਥੀਆਂ ਵਿਰੁੱਧ ਸਾਜ਼ਿਸ਼ ਹੈ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਸਾਡਾ ਨਿਸ਼ਾਨਾ ਨਹੀਂ ਹੈ, ਅਸੀਂ ਨਸ਼ਾ ਤਸਕਰਾਂ ਨੂੰ ਫੜਨਾ ਚਾਹੁੰਦੇ ਹਾਂ।
ਨਗਨ ਵੀਡੀਓ ਮਾਮਲੇ ‘ਚ ਸੁਰੱਖਿਆ ਅਧਿਕਾਰੀ ਦੇ ਨਾਲ-ਨਾਲ ਯੂਨੀਵਰਸਿਟੀ ਦੇ ਹੋਰ ਪ੍ਰੋਫੈਸਰ ਅਤੇ ਸਟਾਫ ਵੀ ਸ਼ਾਮਲ ਹੈ, ਜੋ ਵਿਦਿਆਰਥੀਆਂ ਨੂੰ ਬਲੈਕਮੇਲ ਕਰਦੇ ਸਨ ਅਤੇ ਵੀਡੀਓ ਨੂੰ ਏਜਾਜ਼ ਨੂੰ ਭੇਜਣ ਲਈ ਕਹਿੰਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਅਤੇ ਮਹਿਲਾ ਕਰਮਚਾਰੀਆਂ ਨੂੰ ਡਾਂਸ ਅਤੇ ਸੈਕਸ ਪਾਰਟੀਆਂ ਲਈ ਵੀ ਮਜਬੂਰ ਕੀਤਾ ਜਾਂਦਾ ਸੀ। ਦੱਖਣੀ ਪੰਜਾਬ ਦਾ ਸਿੱਖਿਆ ਵਿਭਾਗ ਵੀ ਇਸ ਮਾਮਲੇ ਦੀ ਜਾਂਚ ਕਰੇਗਾ। ਇਸ ਦੀ ਜਾਂਚ ਰਿਪੋਰਟ ਤਿੰਨ ਦਿਨਾਂ ਵਿੱਚ ਪੇਸ਼ ਕੀਤੀ ਜਾਵੇਗੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਏਜਾਜ਼ ਸੇਵਾਮੁਕਤ ਫੌਜੀ ਹੈ। ਇਸ ਦੀ ਨਿਯੁਕਤੀ ਯੂਨੀਵਰਸਿਟੀ ਦੇ ਸਾਬਕਾ ਚਾਂਸਲਰ ਨੇ ਕੀਤੀ ਸੀ। ਪੁਲਿਸ ਨੇ ਇੱਕ ਔਰਤ ਸਮੇਤ 2 ਨਸ਼ਾ ਤਸਕਰਾਂ ਨੂੰ ਹਿਰਾਸਤ ਵਿੱਚ ਲਿਆ ਹੈ। ਮੁਲਜ਼ਮਾਂ ਕੋਲੋਂ 1.5 ਕਿਲੋ ਚਰਸ, 20 ਗ੍ਰਾਮ ਕ੍ਰਿਸਟਲ ਅਤੇ 300 ਗ੍ਰਾਮ ਚਰਸ ਬਰਾਮਦ ਹੋਈ ਹੈ। ਇਹ ਮੁਲਜ਼ਮ ਵਿੱਦਿਅਕ ਅਦਾਰੇ ਵਿੱਚ ਨਸ਼ਾ ਸਪਲਾਈ ਕਰਦੇ ਸਨ।
ਦਸ ਦਈਏ ਕਿ ਪਾਕਿਸਤਾਨ ਦੇ ਅਖਬਾਰ ‘ਦ ਡਾਨ’ ਨੇ ਇਸ ਡਰੱਗ ਰੈਕੇਟ ‘ਤੇ ਵਿਸਥਾਰਤ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਪੁਲਿਸ ਜੂਨ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ, ਹਾਲਾਂਕਿ ਸਬੂਤਾਂ ਦੀ ਘਾਟ ਕਾਰਨ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸੰਭਵ ਨਹੀਂ ਸੀ। ਠੋਸ ਸੂਚਨਾ ਮਿਲਣ ਤੋਂ ਬਾਅਦ ਯੂਨੀਵਰਸਿਟੀ ਦੇ ਮੁੱਖ ਵਿੱਤੀ ਅਧਿਕਾਰੀ ਨੂੰ 28 ਜੂਨ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਕੋਲੋਂ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਹੋਏ ਸਨ। ਫਾਇਨਾਂਸ ਅਫਸਰ ਨੂੰ ਵੈਨ ਵਿੱਚ ਫੜ ਲਿਆ ਗਿਆ। ਉਨ੍ਹਾਂ ਨਾਲ ਯੂਨੀਵਰਸਿਟੀ ਦੇ ਮੁੱਖ ਸੁਰੱਖਿਆ ਅਧਿਕਾਰੀ ਵੀ ਮੌਜੂਦ ਸਨ। ਉਹਨਾਂ ਪਾਸੋਂ ਵੀ ਨਸ਼ੀਲੇ ਪਦਾਰਥ ਮਿਲੇ। ਜਦੋਂ ਦੋਵਾਂ ਦੇ ਫ਼ੋਨ ਚੈੱਕ ਕੀਤੇ ਗਏ ਤਾਂ ਪੁਲਿਸ ਦੇ ਹੋਸ਼ ਉੱਡ ਗਏ। ਇਨ੍ਹਾਂ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਮਹਿਲਾ ਅਧਿਆਪਕਾਂ ਦੀਆਂ ਅਸ਼ਲੀਲ ਵੀਡੀਓਜ਼ ਸ਼ਾਮਲ ਸਨ। ਜਾਂਚ ‘ਚ ਸਾਹਮਣੇ ਆਇਆ ਕਿ ਇਨ੍ਹਾਂ ਵਿਦਿਆਰਥਣਾਂ ਅਤੇ ਮਹਿਲਾ ਅਧਿਆਪਕਾਂ ਨੂੰ ਵੱਖ-ਵੱਖ ਥਾਵਾਂ ‘ਤੇ ਬਲੈਕਮੇਲ ਕਰਕੇ ਬਲਾਤਕਾਰ ਕੀਤਾ ਜਾਂਦਾ ਸੀ।
ਰਿਪੋਰਟ ਮੁਤਾਬਕ ਪੁੱਛਗਿੱਛ ਦੌਰਾਨ ਮੁੱਖ ਵਿੱਤ ਅਧਿਕਾਰੀ ਅਤੇ ਮੁੱਖ ਸੁਰੱਖਿਆ ਅਧਿਕਾਰੀ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਉਨ੍ਹਾਂ ਮੁਤਾਬਕ ਯੂਨੀਵਰਸਿਟੀ ਦੇ ਕੁਝ ਪ੍ਰੋਫੈਸਰ ਹੀ ਨਸ਼ਾ ਵੇਚਦੇ ਸਨ। ਇਹ ਲੋਕ ਨਸ਼ੇ, ਡਾਂਸ ਅਤੇ ਸੈਕਸ ਦੀਆਂ ਪਾਰਟੀਆਂ ਵੀ ਆਯੋਜਿਤ ਕਰਦੇ ਸਨ। ਪਾਕਿਸਤਾਨੀ ਨਾਗਰਿਕ ਆਪਣੇ ਦੇਸ਼ ਵਿੱਚ ਬਹੁਤ ਮੁਸ਼ਕਿਲ ਨਾਲ ਸ਼ਰਾਬ ਖਰੀਦ ਸਕਦੇ ਹਨ। ਹਾਲਾਂਕਿ, ਮੁਲਜ਼ਮਾਂ ਦੇ ਟਿਕਾਣੇ ਤੋਂ ਕਾਫੀ ਮਾਤਰਾ ਵਿੱਚ ਸ਼ਰਾਬ ਵੀ ਬਰਾਮਦ ਹੋਈ ਹੈ। ਸਪੈਸ਼ਲ ਕ੍ਰਾਈਮ ਯੂਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ। ਜਦੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਕੈਂਪਸ ਵਿੱਚ ਨਸ਼ਾ ਵੇਚਿਆ ਜਾਂਦਾ ਸੀ ਅਤੇ ਉਸ ਤੋਂ ਬਾਅਦ ਲੜਕੀਆਂ ਅਤੇ ਮਹਿਲਾ ਅਧਿਆਪਕਾਂ ਨੂੰ ਡਾਂਸ ਅਤੇ ਡਰੱਗ ਪਾਰਟੀਆਂ ਲਈ ਕੁਝ ਥਾਵਾਂ ‘ਤੇ ਬੁਲਾਇਆ ਜਾਂਦਾ ਸੀ। ਜ਼ਿਆਦਾਤਰ ਵਿਦਿਆਰਥਣਾਂ ਅਤੇ ਮਹਿਲਾ ਅਧਿਆਪਕਾਂ ਨਾਲ ਵੀ ਕਈ ਵਾਰ ਬਲਾਤਕਾਰ ਵੀ ਕੀਤਾ ਗਿਆ। 11 ਵਿਦਿਆਰਥੀ ਵੀ ਇਸ ਰੈਕੇਟ ਦਾ ਹਿੱਸਾ ਸਨ ਅਤੇ ਉਨ੍ਹਾਂ ਦਾ ਅਪਰਾਧਿਕ ਰਿਕਾਰਡ ਵੀ ਹੈ। ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਦੇ ਸਕਰੀਨ ਸ਼ਾਟ ਵੀ ਕੁਝ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੇ ਗਏ ਹਨ।