ਇਕ ਵਾਰ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਪਰ ਇਹ ਮਾਮਲਾ ਇਸ ਵਾਰ ਪੰਜਾਬ ‘ਚ ਹੀ ਬਲਕਿ ਕਰਨਾਟਕ ਦੇ ਮੈਸੂਰ ਵਿਚ ਵੇਖਣ ਨੂੰ ਮਿਲਿਆ ਹੈ। ਦਰਅਸਲ, ਵਿਧਾਨ ਸਭਾ ਚੋਣ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਾਟਕ ਦੇ ਮੈਸੂਰ ਵਿਚ ਰੋਡ ਸ਼ੋਅ ਕਰ ਰਹੇ ਸੀ ਇਸ ਦੌਰਾਨ ਚੋਣ ਪ੍ਰਚਾਰ ਲਈ ਪੀਐਮ ਮੋਦੀ ਦੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਵਾਹਨ ਵੱਲ ਇੱਕ ਔਰਤ ਨੇ ਮੋਬਾਈਲ ਫ਼ੋਨ ਸੁੱਟਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਔਰਤ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਹਾਲਾਂਕਿ, ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੱਡੀ ‘ਤੇ ਫ਼ੋਨ ਸੁੱਟਣ ਵਾਲੇ ਵਿਅਕਤੀ ਨੂੰ ਲੱਭ ਲਿਆ ਹੈ, ਪਰ ਇਸ ਪਿੱਛੇ ਉਸ ਦੀ ‘ਕੋਈ ਮਾੜੀ ਨੀਅਤ’ ਨਹੀਂ ਸੀ। ਪੁਲਿਸ ਮੁਤਾਬਕ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਇੱਕ ਮਹਿਲਾ ਵਰਕਰ ਰੋਡ ਸ਼ੋਅ ਦੌਰਾਨ ‘ਉਤਸ਼ਾਹ’ ਵਿੱਚ ਆਪਣਾ ਫ਼ੋਨ ਸੁੱਟ ਬੈਠੀ। ਉਸ ਨੇ ਇਹ ਕਿਸੇ ਮਾੜੀ ਨੀਅਤ ਨਾਲ ਨਹੀਂ ਕੀਤਾ। ਫੋਨ ਕਾਰ ਦੇ ਬੋਨਟ ‘ਤੇ ਡਿੱਗ ਗਿਆ। ਹਾਲਾਂਕਿ, ਪ੍ਰਧਾਨ ਮੰਤਰੀ ਨੇ ਇਸ ਨੂੰ ਦੇਖਿਆ ਅਤੇ ਵਿਸ਼ੇਸ਼ ਸੁਰੱਖਿਆ ਸਮੂਹ (ਐੱਸਪੀਜੀ) ਦੇ ਅਧਿਕਾਰੀਆਂ ਨੂੰ ਇਸ ਗੱਲ ਵੱਲ ਇਸ਼ਾਰਾ ਦਿੱਤਾ।
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਾਨੂੰਨ ਵਿਵਸਥਾ) ਆਲੋਕ ਕੁਮਾਰ ਨੇ ਦੱਸਿਆ, ‘ਪ੍ਰਧਾਨ ਮੰਤਰੀ ਐਸਪੀਜੀ ਦੇ ਸੁਰੱਖਿਆ ਘੇਰੇ ਵਿੱਚ ਸਨ। ਔਰਤ (ਜਿਸ ਦਾ ਫੋਨ ਪੀਐਮ ਦੀ ਗੱਡੀ ‘ਤੇ ਡਿੱਗਾ ਸੀ) ਭਾਜਪਾ ਵਰਕਰ ਸੀ। ਬਾਅਦ ਵਿੱਚ ਐਸਪੀਜੀ ਦੇ ਜਵਾਨਾਂ ਨੇ ਉਸ ਨੂੰ ਫ਼ੋਨ ਵਾਪਸ ਕਰ ਦਿੱਤਾ। ਉਸ ਨੇ ਕਿਹਾ, “ਇਹ ਉਤਸ਼ਾਹ ਵਿੱਚ ਸੁੱਟਿਆ ਗਿਆ ਸੀ ਅਤੇ ਔਰਤ ਦਾ ਕੋਈ ਮਾੜਾ ਇਰਾਦਾ ਨਹੀਂ ਸੀ।”