ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਿਚਾਲੇ ਸੋਸ਼ਲ ਮੀਡੀਆ ‘ਤੇ ਸ਼ਬਦੀ ਜੰਗ ਛਿੜ ਗਈ ਹੈ। ਦੋਵੇਂ ਫੋਟੋਆਂ ਅਤੇ ਵੀਡੀਓ ਵਾਇਰਲ ਕਰਕੇ ਇੱਕ ਦੂਜੇ ‘ਤੇ ਤੰਜ ਕਸ ਰਹੇ ਹਨ। ਜਿੱਥੇ ਸੀ.ਐਮ. ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਸਿੱਖੀ ਧਰਮ ਦਾ ਮੁਦਈ ਕਰਾਰ ਦਿੱਤਾ। ਉਥੇ ਹੀ ਇਸ ਦੇ ਜਵਾਬ ‘ਚ ਸੁਖਬੀਰ ਬਾਦਲ ਨੇ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਸ਼ੇਅਰ ਕੀਤੀ ਤੇ ਲਿਖਿਆ ਸ਼ਰਾਬੀ ਡਰਾਈਵਰ। ਸੋਸ਼ਲ ਮੀਡੀਆ ‘ਤੇ ਚੱਲ ਰਹੀ ਇਸ ਜੰਗ ਦਾ ਵਿਰੋਧੀ ਪੂਰਾ ਆਨੰਦ ਲੈ ਰਹੇ ਹਨ। ਦਰਅਸਲ, ਮੁੱਖ ਮੰਤਰੀ ਨੇ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਹੋਲੀ ਖੇਡਦਿਆਂ ਦੀ ਫੋਟੋ ਟਵੀਟ ਕੀਤੀ ਹੈ। ਨਾਲ ਹੀ ਲਿਖਿਆ ਹੈ ਕਿ ਇਨ੍ਹੀਂ ਦਿਨੀਂ ਇਹ ਸਿੱਖ ਮਸਲਿਆਂ ਦੇ ਮੁਦਈ ਬਣੇ ਹੋਏ ਹਨ। ਮੁੱਖ ਮੰਤਰੀ ਇੱਥੇ ਹੀ ਨਹੀਂ ਰੁਕੇ। ਉਹਨਾਂ ਨੇ ਅੱਗੇ ਹਾਸੇ ਭਰੇ ਲਹਿਜ਼ੇ ਵਿੱਚ ਲਿਖਿਆ, ‘ਨਹੀਂਓ ਲੱਭਣੇ ਲਾਲ ਗੁਆਚੇ ਓ ਮਿੱਟੀ ਨਾ ਫਰੋਲ ਜੋਗੀਆ’। ਉਨ੍ਹਾਂ ਸੁਖਬੀਰ ਬਾਦਲ ‘ਤੇ ਇਹ ਤੰਜ ਇਸ ਲਈ ਕੱਸਿਆ ਹੈ ਕਿਉਂਕਿ ਉਨ੍ਹਾਂ ਨੇ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੁੰਦੀ ਗੁਰਬਾਣੀ ਦਾ ਮੁੱਦਾ ਚੁੱਕਿਆ ਸੀ, ਜਦਕਿ ਸੁਖਬੀਰ ਬਾਦਲ ਪੰਥਕ ਸਿਆਸਤ ‘ਤੇ ਉਤਰ ਆਏ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਦਾ ਜਵਾਬ ਦਿੱਤਾ ਹੈ। ਥਾਲੀ ‘ਚ ਮੂੰਹ ਪਾਕੇ ਖਾਣਾ ਖਾਂਦੇ ਭਗਵੰਤ ਮਾਨ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਅੱਜ-ਕੱਲ੍ਹ ਸਟੇਟ ਇਹਨਾਂ ਦੇ ਹੱਥ ਵਿਚ ਹੈ। ਉਹਨਾਂ ਇਹ ਵੀ ਲਿਖਿਆ ਹੈ ਕਿ ਸਟੇਟ ਤੇ ਸਟੇਜ ‘ਚ ਬਹੁਤ ਫ਼ਰਕ ਹੁੰਦਾ। ਜੇਕਰ ਡਰਾਈਵਰ ਸ਼ਰਾਬੀ ਹੈ ਤਾਂ ਮੁਸਾਫਰ ਆਪਣੀ ਜਾਨ ਅਤੇ ਮਾਲ ਦਾ ਖੁਦ ਹੀ ਜ਼ਿੰਮੇਵਾਰ ਹੈ।
ਜ਼ਿਕਰਯੋਗ ਹੈ ਕਿ ਸੂਬੇ ਦੀ ਸਿਆਸਤ ਵੱਖ-ਵੱਖ ਮੁੱਦਿਆਂ ਨੂੰ ਲੈਕੇ ਗਰਮਾਈ ਹੋਈ ਹੈ। ਲੀਡਰਾਂ ਦਰਮਿਆਨ ਸ਼ਬਦੀ ਜੰਗ ਵੀ ਜਾਰੀ ਹੈ। ਹੁਣ ਵੇਖਣਾ ਹੋਵੇਗਾ ਕਿ ਇਹਨਾਂ ਦੋਵਾਂ ਵਿਚਕਾਰ ਸ਼ੁਰੂ ਹੋਈ ਜੰਗ ਆਉਣ ਵਾਲੇ ਸਮੇਂ ‘ਚ ਆਖਿਰ ਕਿਹੜਾ ਨਵਾਂ ਮੋੜ ਲੈਂਦੀ ਹੈ।