ਪੰਜਾਬ ਤੋਂ ਗ੍ਰਿਫ਼ਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਵਿਖੇ ਜੇਲ੍ਹ ਭੇਜੇ ਗਏ ਨੌਜਵਾਨਾਂ ਦੇ ਹੱਕ ‘ਚ ਸ਼ੁਰੂ ਕੀਤੀ ਗਈ SGPC ਦੀ ਪਹਿਲਕਦਮੀ ਹੁਣ ਰੰਗ ਲਿਆਉਣ ਲੱਗ ਪਈ ਹੈ। ਦਸ ਦਈਏ ਕਿ ਜੇਲ੍ਹ ‘ਚ ਬੰਦ ਨੌਜਵਾਨਾਂ ਨਾਲ ਮੁਲਾਕਾਤਾਂ ਮਗਰੋਂ ਸ਼੍ਰੋਮਣੀ ਕਮੇਟੀ ਦੇ ਯਤਨਾਂ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਜਵਾਨਾਂ ਨਾਲ ਮੁਲਾਕਾਤ ਕਰਵਾਉਣ ਦੀ ਇਜ਼ਾਜਤ ਮਿਲ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਇਥੇ ਕੀਤਾ ਹੈ। ਐਡਵੋਕੇਟ ਸਿਆਲਕਾ ਸ਼੍ਰੋਮਣੀ ਕਮੇਟੀ ਦੀ ਉਸ ਕਨੂੰਨੀ ਕਮੇਟੀ ਦੇ ਆਗੂ ਹਨ ,ਜੋ ਡਿਬਰੂਗੜ੍ਹ ਵਿਖੇ ਜੇਲ੍ਹ ਵਿਚ ਨਜ਼ਰਬੰਦ ਨੌਜਵਾਨਾਂ ਦੇ ਕੇਸਾਂ ਦੀ ਪੈਰਵਾਈ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਗਠਨ ਕੀਤੀ ਗਈ ਸੀ।
ਐਡਵੋਕੇਟ ਸਿਆਲਕਾ ਨੇ ਦੱਸਿਆ ਕਿ 10 ਅਪ੍ਰੈਲ ਨੂੰ ਡਿਬਰੂਗੜ੍ਹ ਵਿਖੇ ਜੇਲ੍ਹ ਚ ਬੰਦ ਨੌਜਵਾਨਾਂ ਨਾਲ ਮੁਲਾਕਾਤਾਂ ਮਗਰੋਂ ਸ਼੍ਰੋਮਣੀ ਕਮੇਟੀ ਦੇ ਯਤਨਾਂ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਨਾਲ ਮੁਲਾਕਾਤ ਦੀ ਇਜ਼ਾਜਤ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਇਜ਼ਾਜਤ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਪਾਸੋਂ ਪ੍ਰਾਪਤ ਕੀਤੀ ਗਈ ਹੈ।
ਐਡਵੋਕੇਟ ਸਿਆਲਕਾ ਨੇ ਦੱਸਿਆ ਕਿ ਡਿਬਰੂਗੜ੍ਹ ਵਿਖੇ ਨਜ਼ਰਬੰਦ ਨੌਜਵਾਨਾਂ ਵਿਚ ਕੁਲਵੰਤ ਸਿੰਘ ਧਾਲੀਵਾਲ, ਵਰਿੰਦਰ ਸਿੰਘ ਜੌਹਲ, ਗੁਰਮੀਤ ਸਿੰਘ ਬੁੱਕਣਵਾਲਾ, ਹਰਜੀਤ ਸਿੰਘ ਜੱਲੂਪੁਰ ਖੈੜਾ, ਭਗਵੰਤ ਸਿੰਘ ਬਾਜੇਕੇ, ਦਲਜੀਤ ਸਿੰਘ ਕਲਸੀ, ਬਸੰਤ ਸਿੰਘ, ਗੁਰਇੰਦਰਪਾਲ ਸਿੰਘ ਔਜਲਾ ਅਤੇ ਪਪਲਪ੍ਰੀਤ ਸਿੰਘ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁਲਾਕਾਤ ਲਈ 19 ਅਪ੍ਰੈਲ ਨੂੰ ਅਸਾਮ ਲੈ ਕੇ ਜਾਣ ਦੀ ਯੋਜਨਾ ਹੈ। ਉਹਨਾਂ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਮੁਲਾਕਾਤ ਲਈ ਡਿਬਰੂਗੜ੍ਹ ਜਾਣ ਵਾਸਤੇ 18 ਅਪ੍ਰੈਲ ਤੱਕ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਡਿਬਰੂਗੜ੍ਹ ਲੈ ਕੇ ਜਾਣ ਦਾ ਸਮੁੱਚਾ ਪ੍ਰਬੰਧ ਕੀਤਾ ਜਾਵੇਗਾ।