ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ (Twitter) ਦੇ ਨਵੇਂ ਮਾਲਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ (Elon Musk) ਆਪਣੇ ਇਕ ਬਿਆਨ ਦੇ ਨਾਲ ਫਿਰ ਤੋਂ ਸੁਰਖੀਆਂ ਦੇ ਵਿਚ ਆ ਗਏ ਹਨ। ਹੁਣ ਉਨ੍ਹਾਂ ਨੇ ਹੈਰਾਨੀਜਨਕ ਬਿਆਨ ਦੇ ਕੇ ਸਭ ਨੂੰ ਚੌਕਾ ਦਿੱਤਾ ਹੈ। ਦਰਅਸਲ, ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ (Twitter) ਦੇ ਨਵੇਂ ਮਾਲਕ ਮਸਕ ਨੇ ਕਿਹਾ ਕਿ ਉਨ੍ਹਾਂ ਨੂੰ ਜਾਨ ਦਾ ਖ਼ਤਰਾ ਹੈ। ਮਸਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਕਤਲ ਹੋ ਸਕਦਾ ਹੈ। ਇੱਥੋਂ ਤੱਕ ਕਿ ਅਸਲ ਵਿੱਚ ਮੈਨੂੰ ਗੋਲੀ ਮਾਰ ਦਿੱਤੀ ਜਾ ਸਕਦੀ ਹੈ। ਟਵਿੱਟਰ ਸਪੇਸ ‘ਤੇ 2 ਘੰਟੇ ਦੀ ਆਡੀਓ ਚੈਟ ਵਿਚ, ਮਸਕ ਨੇ ਕਿਹਾ ਕਿ ਸੱਚ ਕਹਾਂ ਤਾਂ ਮੇਰੇ ਨਾਲ ਕੁਝ ਬੁਰਾ ਵਾਪਰਨ ਜਾਂ ਅਸਲ ਵਿਚ ਗੋਲੀ ਲੱਗਣ ਦਾ ਵੱਡਾ ਖਤਰਾ ਹੈ। ਜੇਕਰ ਕੋਈ ਕਿਸੇ ਨੂੰ ਮਾਰਨਾ ਚਾਹੁੰਦਾ ਹੈ ਤਾਂ ਇਹ ਕੋਈ ਔਖਾ ਕੰਮ ਨਹੀਂ ਹੈ। ਹਾਲਾਂਕਿ ਮੈਨੂੰ ਉਮੀਦ ਹੈ ਕਿ ਮੇਰੇ ਨਾਲ ਅਜਿਹਾ ਕੁਝ ਨਹੀਂ ਹੋਵੇਗਾ। ਮਸਕ ਨੇ ਕਿਹਾ ਕਿ ਮੈਂ ਯਕੀਨੀ ਤੌਰ ‘ਤੇ ਖੁੱਲ੍ਹੀ ਕਾਰ ‘ਚ ਨਹੀਂ ਘੁੰਮ ਸਕਦਾ।
ਮਸਕ ਨੇ ਸੁਤੰਤਰ ਭਾਸ਼ਣ ਦੇ ਮਹੱਤਵ ਅਤੇ ਟਵਿੱਟਰ ਲਈ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ। ਮਸਕ ਨੇ ਕਿਹਾ, “ਦਿਨ ਦੇ ਅੰਤ ਵਿੱਚ, ਅਸੀਂ ਸਿਰਫ ਇੱਕ ਅਜਿਹਾ ਭਵਿੱਖ ਚਾਹੁੰਦੇ ਹਾਂ ਜਿੱਥੇ ਸਾਡੇ ‘ਤੇ ਜ਼ੁਲਮ ਨਾ ਹੋਵੇ। ਜਿੱਥੇ ਸਾਡੀ ਬੋਲੀ ਵਿੱਚ ਰੁਕਾਵਟ ਨਾ ਆਵੇ ਅਤੇ ਅਸੀਂ ਬਦਲੇ ਦੇ ਡਰ ਤੋਂ ਬਿਨਾਂ ਉਹ ਕਹਿ ਸਕਦੇ ਹਾਂ ਜੋ ਅਸੀਂ ਕਹਿਣਾ ਚਾਹੁੰਦੇ ਹਾਂ। ਕਾਰ ਨਿਰਮਾਤਾ ਕੰਪਨੀ ਟੇਸਲਾ ਅਤੇ ਸਪੇਸ ਏਜੰਸੀ ਸਪੇਸਐਕਸ ਦੇ ਮਾਲਕ ਮਸਕ ਨੇ ਅੱਗੇ ਕਿਹਾ ਕਿ ਜਦੋਂ ਤੱਕ ਤੁਸੀਂ ਅਸਲ ਵਿੱਚ ਕਿਸੇ ਹੋਰ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ ਹੋ, ਤੁਹਾਨੂੰ ਇਹ ਕਹਿਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਦਸ ਦਈਏ ਕਿ ਟਵਿਟਰ ਦੇ ਨਵੇਂ ਮਾਲਕ ਐਲੋਨ ਮਸਕ ਆਪਣੇ ਬਿਆਨਾਂ ਕਾਰਨ ਅਕਸਰ ਵਿਵਾਦਾਂ ਵਿੱਚ ਰਹਿੰਦੇ ਹਨ। ਉਨ੍ਹਾਂ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੂੰ ਵੀ ਕੱਢ ਦਿੱਤਾ ਹੈ।