ਬੀਤੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਯੂ.ਸੀ.ਸੀ. ਦਾ ਵਿਰੋਧ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਿਉਂਕਿ ਪਹਿਲਾਂ ‘ਆਪ’ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਯੂ.ਸੀ.ਸੀ. ਦੇ ਹੱਕ ‘ਚ ਆਪਣਾ ਬਿਆਨ ਦਿੱਤਾ ਸੀ। ਇਸ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ. ਦਲਜੀਤ ਸਿੰਘ ਚੀਮਾ ਨੇ ਯੂਨੀਫਾਰਮ ਸਿਵਲ ਕੋਡ ‘ਤੇ ‘ਆਪ’ ਨੂੰ ਆਪਣਾ ਸਟੈਂਡ ਸਪਸ਼ਟ ਕਰਨ ਲਈ ਕਿਹਾ। ਨਾਲ ਹੀ ਉਹਨਾਂ ਕਿਹਾ ਇਸ ਦੇ ਨਾਲ ਹੁਣ ਆਮ ਆਦਮੀ ਪਾਰਟੀ ਦਾ ਦੋਗਲਾ ਚਿਹਰਾ ਸਾਹਮਣੇ ਆ ਗਿਆ ਹੈ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ, ਰਾਜ ਸਭਾ ਮੈਂਬਰ ਨੂੰ ਹਦਾਇਤ ਕਰਨ ਕਿ ਉਹ ਯੂ ਸੀ ਸੀ ’ਤੇ ਆਪਣਾ ਬਿਆਨ ਵਾਪਸ ਲਵੇ ਅਤੇ ਭਗਵੰਤ ਮਾਨ ਵਾਲਾ ਹੀ ਸਟੈਂਡ ਲੈ ਕੇ ਵਿਖਾਉਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਆਪ ਰਾਜ ਸਭਾ ਵਿਚ ਯੂ ਸੀ ਸੀ ਦੇ ਪੱਖ ਵਿਚ ਵੋਟਾਂ ਪਾਉਣਾ ਚਾਹੁੰਦੀ ਹੈ ਜਦੋਂ ਕਿ ਭਗਵੰਤ ਮਾਨ ਪੰਜਾਬ ਵਿਚ ਪਾਰਟੀ ਦੇ ਇਸਦੇ ਖਿਲਾਫ ਹੋਣ ਦੇ ਦਾਅਵੇ ਕਰ ਕੇ ਪੰਜਾਬੀਆਂ ਨੂੰ ਮੁਰਖ ਬਣਾਉਣ ਦੀ ਝਾਕ ਵਿਚ ਹਨ। ਡਾ. ਚੀਮਾ ਨੇ ਇਸ ਦੋਗਲੀ ਬਿਆਨਬਾਜ਼ੀ ਨੂੰ ਬੰਦ ਕਰਨ ਵਾਸਤੇ ਆਖਦਿਆਂ ਕਿਹਾ ਕਿ ਆਪ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਵਿਚ ਧੋਖਾ ਦੇਣ ਵਾਸਤੇ ਵੀ ਇਸੇ ਤਰੀਕੇ ਦੋਗਲੀ ਬਿਆਨਬਾਜ਼ੀ ਕੀਤੀ ਸੀ।
ਡਾ. ਚੀਮਾ ਨੇ ਮੁੱਖ ਮੰਤਰੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਦਾ ਬਿਆਨ ਚੇਤੇ ਕਰਵਾਇਆ ਜਿਹਨਾਂ ਕੌਮੀ ਪੱਧਰ ’ਤੇ ਪਾਰਟੀ ਦੇ ਸਟੈਂਡ ਨੂੰ ਅੱਗੇ ਰੱਖਿਆ ਸੀ ਤੇ ਜ਼ੋਰ ਦੇ ਕੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਸਿਧਾਂਤਕ ਤੌਰ ’ਤੇ ਯੂ ਸੀ ਸੀ ਦੇ ਹੱਕ ਵਿਚ ਹੈ। ਉਹਨਾਂ ਕਿਹਾ ਕਿ ਇਸਦਾ ਮਤਲਬ ਹੈ ਕਿ ਜਦੋਂ ਯੂ ਸੀ ਸੀ ਰਾਜ ਸਭਾ ਵਿਚ ਪ੍ਰਵਾਨਗੀ ਵਾਸਤੇ ਆਵੇਗਾ ਤਾਂ ਪਾਰਟੀ ਉਸਦੀ ਹਮਾਇਤ ਕਰਨ ਦੇ ਰੌਂਅ ਵਿਚ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਯੂ ਸੀ ਸੀ ਬਾਰੇ ਬਿਆਨ ਦੀ ਇਸ ਸਬੰਧ ਵਿਚ ਕੋਈ ਤੁੱਕ ਨਹੀਂ ਬਣਦੀ।
ਡਾ. ਚੀਮਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬੀਆਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੇ ਤਾਂ ਉਹ ਅਰਵਿੰਦ ਕੇਜਰੀਵਾਲ ਨੂੰ ਆਖਣ ਕਿ ਉਹ ਆਪਣੇ ਰਾਜ ਸਭਾ ਮੈਂਬਰ ਨੂੰ ਹਦਾਇਤ ਕਰਨ ਕਿ ਉਹ ਯੂ ਸੀ ਸੀ ’ਤੇ ਆਪਣਾ ਬਿਆਨ ਵਾਪਸ ਲਵੇ ਅਤੇ ਭਗਵੰਤ ਮਾਨ ਵਾਲਾ ਹੀ ਸਟੈਂਡ ਲੈ ਕੇ ਵਿਖਾਉਣ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਪੰਜਾਬੀ ਸਮਝ ਜਾਣਗੇ ਕਿ ਆਪ ਇਕ ਵਾਰ ਫਿਰ ਤੋਂ ਯੂ ਸੀ ਸੀ ਦੇ ਮਾਮਲੇ ’ਤੇ ਉਹਨਾਂ ਨਾਲ ਉਸੇ ਤਰੀਕੇ ਝੂਠ ਬੋਲ ਕੇ ਧੋਖਾ ਕਰ ਰਹੀ ਹੈ ਜਿਵੇਂ ਇਸਨ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ’ਤੇ ਕੀਤਾ ਹੈ।