ਪੰਜਾਬੀ ਇੰਡਸਟਰੀ ਦੇ ਮਰਹੂਮ ਪੰਜਾਬੀ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨਾਲ ਸਬੰਧਿਤ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹੁਣ ਉਹ ਮੁੜ ਵਿਦੇਸ਼ ਲਈ ਰਵਾਨਾ ਹੋ ਗਏ ਹਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵਿਦੇਸ਼ੀ ਦੌਰੇ ‘ਤੇ ਉਦੋਂ ਗਏ ਹਨ ਜਦੋਂ ਉਨ੍ਹਾਂ ਦੀ ਸੁਰਖਿਆਂ ‘ਚ ਵਾਧਾ ਕੀਤਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਬਲਕੌਰ ਸਿੱਧੂ ਇੱਕ ਵਾਰ ਮੁੜ ਯੂਕੇ ਲਈ ਰਵਾਨਾ ਹੋ ਗਏ ਹਨ। ਬਲਕੌਰ ਸਿੰਘ ਸਿੱਧੂ ਨੇ ਦਿੱਲੀ ਏਅਰਪੋਰਟ ਤੋਂ ਫਲਾਈਟ ਲਈ ਅਤੇ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਹੇਠ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ ਪਹੁੰਚਾਇਆ ਗਿਆ।
ਗੌਰਤਲਬ ਹੈ ਕਿ ਬਲਕੌਰ ਸਿੰਘ ਇਸ ਤੋਂ ਪਹਿਲਾਂ ਵੀ ਯੂਕੇ ਜਾ ਕੇ ਆ ਚੁੱਕੇ ਹਨ। ਪਿਛਲੇ ਦੌਰੇ ਦੌਰਾਨ ਸਿੱਧੂ ਦੀ ਮਾਤਾ ਚਰਨ ਕੌਰ ਵੀ ਬਲਕੌਰ ਸਿੰਘ ਦੇ ਨਾਲ ਗਈ ਸੀ ਪਰ ਇਸ ਵਾਰ ਬਲਕੌਰ ਸਿੰਘ ਇਕੱਲੇ ਹੀ ਵਿਦੇਸ਼ ਗਏ ਹਨ। ਦੱਸਣਯੋਗ ਹੈ ਕਿ ਮਾਨਸਾ ਪੁਲਿਸ ਨੂੰ ਇੱਕ ਸੂਚਨਾ ਮਿਲੀ ਜਿਸ ਦੇ ਤਹਿਤ ਸਿੱਧੂ ਮੂਸੇਵਾਲਾ ਦੇ ਪਰਿਵਾਰ ‘ਤੇ ਹਮਲੇ ਦਾ ਖ਼ਦਸ਼ਾ ਜਤਾਇਆ ਗਿਆ। ਇਸ ਕਰਕੇ ਪੁਲਿਸ ਵੱਲੋਂ ਪਿੰਡ ਮੂਸਾ ਨੂੰ ਸੀਲ ਕਰ ਦਿੱਤਾ ਗਿਆ ਅਤੇ ਪਿੰਡ ਦੇ ਅੰਦਰ ਆਉਣ-ਜਾਣ ਵਾਲੇ ਲੋਕਾਂ ਦੀ ਤਾਲਾਸ਼ੀ ਵੀ ਲਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਮਾਨਸਾ ਪੁਲਿਸ ਵੱਲੋਂ ਵੀਰਵਾਰ ਨੂੰ ਅਦਾਲਤ ਵਿੱਚ ਦੂਜੀ ਚਾਰਜਸ਼ੀਟ ਦਾਖਲ ਕੀਤੀ ਗਈ। ਇਸ ਵਿੱਚ 7 ਲੋਕਾਂ — ਦੀਪਕ ਮੁੰਡੀ, ਰਜਿੰਦਰ ਜੋਕਰ, ਕਪਲ ਪੰਡਿਤ, ਬਿੱਟੂ, ਮਨਪ੍ਰੀਤ ਤੂਫ਼ਾਨ, ਮਨੀ ਰਈਆ ਅਤੇ ਜਗਤਾਰ ਸਿੰਘ ਮੂਸੇ — ਦਾ ਚਲਾਨ ਪੇਸ਼ ਕੀਤਾ ਗਿਆ ਸੀ। ਮਾਨਸਾ ਪੁਲਿਸ ਵੱਲੋਂ ਹੁਣ ਤੱਕ ਇਸ ਮਾਮਲੇ ਵਿੱਚ 31 ਵਿਅਕਤੀਆਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ ਅਤੇ ਮਾਨਸਾ ਦੀ ਅਦਾਲਤ ਵੱਲੋਂ ਹੁਣ ਤੱਕ 10 ਲੋਕਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ।