ਮਹਿਲਾ ਪਹਿਲਵਾਨਾਂ ਵਲੋਂ ਲਗਾਏ ਜਿਨਸੀ ਸੋਸ਼ਣ ਦੇ ਮਾਮਲੇ ‘ਚ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਦਿੱਲੀ ਪੁਲਿਸ ਨੇ ਅੱਜ ਯਾਨੀ ਵੀਰਵਾਰ ਨੂੰ ਇਕ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਸੂਤਰਾਂ ਮੁਤਾਬਕ 1100 ਤੋਂ 1200 ਪੰਨਿਆਂ ਦੀ ਇਕ ਚਾਰਜਸ਼ੀਟ ‘ਚ ਦਿੱਲੀ ਪੁਲਸ ਨੇ ਅਦਾਲਤ ਨੂੰ ਕਿਹਾ ਹੈ ਕਿ ਮਹਿਲਾ ਪਹਿਲਵਾਨ, ਇਸ ਮਾਮਲੇ ‘ਚ ਪੁਖਤਾ ਸਬੂਤ ਦੇਣ ‘ਚ ਅਸਫਲ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਦਰਜ ਪੋਕਸੋ ਮਾਮਲਾ ਵਾਪਸ ਲੈਣ ਲਈ 550 ਪੰਨਿਆਂ ਦੀ ਕੈਂਸਲੇਸ਼ਨ ਰਿਪੋਰਟ ਵੀ ਦਾਇਰ ਕੀਤੀ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ 4 ਜੁਲਾਈ ਨੂੰ ਤੈਅ ਕੀਤੀ ਹੈ।
ਚਾਰਜਸ਼ੀਟ ‘ਚ ਦਿੱਲੀ ਪੁਲਸ ਨੇ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਦੌਰਾਨ ਬ੍ਰਿਜ ਭੂਸ਼ਣ ਸਿੰਘ ਖਿਲਾਫ ਕੋਈ ਤਕਨੀਕੀ ਸਬੂਤ ਨਹੀਂ ਮਿਲਿਆ ਹੈ। ਜਾਂਚ ਵਿੱਚ ਪੁਲਿਸ ਨੂੰ ਕੋਈ ਵੀ ਸ਼ੱਕੀ ਤਸਵੀਰ, ਵੀਡੀਓ ਜਾਂ ਫੁਟੇਜ ਜਾਂ ਕੋਈ ਫੋਰੈਂਸਿਕ ਸਬੂਤ ਨਹੀਂ ਮਿਲਿਆ ਹੈ। ਪੁਲਿਸ ਵੱਲੋਂ ਮਹਿਲਾ ਪਹਿਲਵਾਨਾਂ ਤੋਂ ਵੀ ਸਬੂਤ ਮੰਗੇ ਗਏ ਸਨ ਪਰ ਉਹ ਦੇਣ ਵਿੱਚ ਅਸਫਲ ਰਹੇ। ਸੂਤਰਾਂ ਮੁਤਾਬਕ ਪੁਲਸ ਨੇ ਚਾਰਜਸ਼ੀਟ ‘ਚ ਦੱਸਿਆ ਹੈ ਕਿ ਮਹਿਲਾ ਪਹਿਲਵਾਨਾਂ ਵੱਲੋਂ ਦਿੱਤੀਆਂ ਗਈਆਂ ਤਸਵੀਰਾਂ ਤੋਂ ਸਥਿਤੀ ਸਪੱਸ਼ਟ ਨਹੀਂ ਹੁੰਦੀ। ਸਿਰਫ਼ ਇੱਕ ਅਖਾੜੇ ਦੇ ਸਾਰੇ ਪਹਿਲਵਾਨਾਂ ਨੇ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਖ਼ਿਲਾਫ਼ ਬਿਆਨ ਦਰਜ ਕਰਵਾਏ ਹਨ।
ਦਿੱਲੀ ਪੁਲਸ ਦੇ ਲੋਕ ਸੰਪਰਕ ਅਧਿਕਾਰੀ (ਪੀ.ਆਰ.ਓ.) ਸੁਮਨ ਨਾਲਵਾ ਨੇ ਇੱਕ ਬਿਆਨ ਵਿੱਚ ਕਿਹਾ, “ਪੋਕਸੋ (ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ) ਮਾਮਲੇ ਵਿੱਚ ਜਾਂਚ ਪੂਰੀ ਹੋਣ ਤੋਂ ਬਾਅਦ, ਅਸੀਂ ਸ਼ਿਕਾਇਤਕਰਤਾ ਯਾਨੀ ਪੀੜਤਾ ਦੇ ਪਿਤਾ ਅਤੇ ਖ਼ੁਦ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਨੂੰ ਰੱਦ ਕਰਨ ਦੀ ਬੇਨਤੀ ਕਰਦੇ ਹੋਏ ਸੀ.ਆਰ.ਪੀ.ਸੀ. ਦੀ ਧਾਰਾ 173 ਦੇ ਤਹਿਤ ਪੁਲਸ ਦੀ ਇਕ ਰਿਪੋਰਟ ਦਾਇਰ ਕੀਤੀ ਹੈ।’
ਦਸ ਦਈਏ ਕਿ ਪਹਿਲਵਾਨਾਂ ਦੇ ਵਿਰੋਧ ਅਤੇ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ, ਦਿੱਲੀ ਪੁਲਿਸ ਨੇ 28 ਅਪ੍ਰੈਲ ਨੂੰ ਦੋ ਐਫ.ਆਈ.ਆਰ. ਇਸ ਵਿੱਚ ਇੱਕ ਐਫਆਈਆਰ ਜਿਨਸੀ ਸ਼ੋਸ਼ਣ ਦੀ ਸੀ ਅਤੇ ਇੱਕ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦੀ ਸੀ, ਜਿਸ ਲਈ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀ ਪਹਿਲਵਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ’ਤੇ ਅੜੇ ਹੋਏ ਹਨ। ਪਹਿਲਵਾਨਾਂ ਨੇ ਪਿਛਲੇ ਹਫਤੇ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਵੀ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਵੀ ਉਨ੍ਹਾਂ ਸਿੰਘ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਮੀਟਿੰਗ ਵਿੱਚ ਖਿਡਾਰੀਆਂ ਵੱਲੋਂ 15 ਜੂਨ ਤੱਕ ਚਾਰਜਸ਼ੀਟ ਪੇਸ਼ ਕਰਨ ਦੀ ਮੰਗ ਰੱਖੀ ਗਈ ਸੀ।